-ਮ੍ਰਿਤਕ ਦੇਹ ਨੂੰ ਟਿਕਾਣੇ ਲਾਉਣ, ਜਾਂਚ ਵਿਚ ਰੁਕਾਵਟ ਪਾਉਣ ਅਤੇ ਮ੍ਰਿਤਕ ਦੇਹ ਨਾਲ ਬੇਅਦਬੀ ਦੇ ਦੋਸ਼
ਵਿੰਨੀਪੈੱਗ, 18 ਸਤੰਬਰ (ਪੰਜਾਬ ਮੇਲ)- ਹੈਲੀਫ਼ੈਕਸ (ਕੈਨੇਡਾ) ਵਿਚ ਨਵਜੰਮੇ ਬੱਚੇ ਦੀ ਲਾਸ਼ ਮਿਲਣ ਦੇ ਚਰਚਿਤ ਮਾਮਲੇ ਵਿਚ ਅਦਾਲਤ ਵੱਲੋਂ 27 ਸਾਲਾ ਰਮਨਦੀਪ ਕੌਰ ਨੂੰ ਸਖ਼ਤ ਸ਼ਰਤਾਂ ਤਹਿਤ ਜ਼ਮਾਨਤ ਦੇ ਦਿੱਤੀ ਗਈ ਹੈ। ਵੀਰਵਾਰ ਸਵੇਰੇ ਹੈਲੀਫ਼ੈਕਸ ਪ੍ਰੋਵਿੰਸ਼ੀਅਲ ਕੋਰਟ ਵਿਚ ਪੇਸ਼ ਹੋਈ ਰਮਨਦੀਪ ਨੇ ਪੰਜਾਬੀ ਦੁਭਾਸ਼ੀਏ ਦੀ ਮਦਦ ਨਾਲ ਕਾਰਵਾਈ ਵਿਚ ਹਿੱਸਾ ਲਿਆ। ਜੱਜ ਮਾਰਕ ਚਿਸਹੌਮ ਨੇ ਕ੍ਰਾਊਨ ਅਤੇ ਬਚਾਅ ਪੱਖ ਦੇ ਵਕੀਲਾਂ ਦੀ ਸਹਿਮਤੀ ਨਾਲ ਇਹ ਫ਼ੈਸਲਾ ਸੁਣਾਇਆ।
ਜ਼ਮਾਨਤ ਦੀਆਂ ਸ਼ਰਤਾਂ ਮੁਤਾਬਕ ਰਮਨਦੀਪ ਕੌਰ ਹੈਲੀਫ਼ੈਕਸ ਵਿਚ ਆਪਣੇ ਜ਼ਮਾਨਤੀ ਵਿਅਕਤੀ ਦੇ ਨਾਲ ਨਿਰਧਾਰਿਤ ਪਤੇ ‘ਤੇ ਰਹੇਗੀ। ਉਹ ਨੋਵਾ ਸਕੋਸ਼ੀਆ ਤੋਂ ਬਾਹਰ ਨਹੀਂ ਜਾ ਸਕੇਗੀ ਅਤੇ ਹਰ ਹਫ਼ਤੇ ਖ਼ੁਦ ਹੈਲੀਫ਼ੈਕਸ ਰੀਜਨਲ ਪੁਲਿਸ ਕੋਲ ਰਿਪੋਰਟ ਕਰੇਗੀ। ਅਦਾਲਤ ਦੇ ਹੁਕਮ ‘ਤੇ ਉਸ ਨੂੰ ਹਰ ਸੁਣਵਾਈ ਵਿਚ ਹਾਜ਼ਰ ਹੋਣਾ ਪਵੇਗਾ। ਇਸ ਤੋਂ ਇਲਾਵਾ ਉਸ ਦਾ ਪਾਸਪੋਰਟ ਅਤੇ ਭਾਰਤੀ ਰਾਸ਼ਟਰੀ ਪਛਾਣ ਪੱਤਰ ਵੀ ਜਮ੍ਹਾਂ ਕਰਵਾਇਆ ਜਾਵੇਗਾ।
ਅਦਾਲਤ ਨੇ ਰਮਨਦੀਪ ਕੌਰ ਅਤੇ ਉਸ ਦੇ ਜ਼ਮਾਨਤੀ ਵਿਅਕਤੀ ਲਈ 1,000 ਡਾਲਰ ਦੀ ਸ਼ਰਤ ਵੀ ਲਗਾਈ ਹੈ। ਜੇਕਰ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਹੁੰਦੀ ਹੈ, ਤਾਂ ਇਹ ਰਕਮ ਅਦਾ ਕਰਨ ਦੀ ਜ਼ਿੰਮੇਵਾਰੀ ਹੋਵੇਗੀ। ਇਹ ਸ਼ਰਤਾਂ ਕ੍ਰਾਊਨ ਵਕੀਲ ਕੈਵਿਨ ਨਾਈਟਿੰਗੇਲ ਅਤੇ ਬਚਾਅ ਪੱਖ ਦੇ ਵਕੀਲ ਟ੍ਰੈਵਰ ਮੈਕਗੀਗਨ ਵਿਚਕਾਰ ਸਹਿਮਤੀ ਨਾਲ ਤੈਅ ਹੋਈਆਂ।
ਰਮਨਦੀਪ ਕੌਰ ਅਤੇ ਉਸ ਦੇ ਪਤੀ 24 ਸਾਲਾ ਸੁਖਪ੍ਰੀਤ ਸਿੰਘ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਬੱਚੇ ਦੀ ਲਾਸ਼ ਨੂੰ ਇਸ ਇਰਾਦੇ ਨਾਲ ਟਿਕਾਣੇ ਲਾਇਆ ਕਿ ਬੱਚੇ ਦੇ ਜਨਮ ਦੀ ਗੱਲ ਲੁਕਾਈ ਜਾ ਸਕੇ। ਦੋਵਾਂ ‘ਤੇ ਪੁਲਿਸ ਅਧਿਕਾਰੀ ਸਮੇਤ ਹੋਰ ਲੋਕਾਂ ਨਾਲ ਝੂਠ ਬੋਲ ਕੇ ਜਾਂਚ ਵਿਚ ਰੁਕਾਵਟ ਪਾਉਣ ਦੇ ਦੋ ਮਾਮਲੇ ਅਤੇ ਮ੍ਰਿਤਕ ਦੇਹ ਨਾਲ ਬੇਅਦਬੀ ਦਾ ਦੋਸ਼ ਵੀ ਹੈ।
ਇਹ ਪੂਰਾ ਮਾਮਲਾ ਇਸ ਸਾਲ 22 ਮਈ ਨੂੰ ਸਾਹਮਣੇ ਆਇਆ ਸੀ, ਜਦੋਂ 23 ਸਾਲਾ ਇੱਕ ਨੌਜਵਾਨ ਔਰਤ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਹੋਈ ਸੀ ਅਤੇ ਉਸ ਕੋਲ ਨਵਜੰਮਿਆ ਬੱਚਾ ਮੌਜੂਦ ਨਹੀਂ ਸੀ। ਪੁਲਿਸ ਦੀ ਵਿਆਪਕ ਤਲਾਸ਼ੀ ਮੁਹਿੰਮ ਦੌਰਾਨ 24 ਮਈ ਨੂੰ ਹੈਲੀਫ਼ੈਕਸ ਨੇੜਲੇ ਗੁੱਡਵੁੱਡ ਇਲਾਕੇ ਵਿਚ ਓਲਡ ਕੋਚ ਰੋਡ ਦੇ ਜੰਗਲ ਵਿਚੋਂ ਨਵਜੰਮੇ ਬੱਚੇ ਦੇ ਅਵਸ਼ੇਸ਼ ਬਰਾਮਦ ਹੋਏ ਸਨ। ਇਸ ਤੋਂ ਬਾਅਦ 27 ਮਈ ਨੂੰ ਬੱਚੇ ਦੀ ਜਨਨੀ (ਮਾਂ) ਦੀ ਹਸਪਤਾਲ ਵਿਚ ਮੌਤ ਹੋ ਗਈ ਸੀ।
ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਉਸ ਦੀ ਮੌਤ ਕਿਸੇ ਹਿੰਸਾ ਕਾਰਨ ਨਹੀਂ, ਸਗੋਂ ਮੈਡੀਕਲ ਐਮਰਜੈਂਸੀ ਕਾਰਨ ਹੋਈ ਸੀ। ਪੁਲਿਸ ਨੇ ਬੱਚੇ ਦੀ ਭਾਲ ਲਈ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ। 24 ਮਈ ਨੂੰ ਨੋਵਾ ਸਕੋਸ਼ੀਆ ਦੇ ਗੁੱਡਵੁੱਡ ਇਲਾਕੇ ਵਿਚ ਓਲਡ ਕੋਚ ਰੋਡ ਨੇੜੇ ਨਵਜੰਮੇ ਬੱਚੇ ਦੇ ਅਵਸ਼ੇਸ਼ ਮਿਲੇ।
ਰਮਨਦੀਪ ਕੌਰ ਅਤੇ ਉਸ ਦੇ 24 ਸਾਲਾ ਪਤੀ ਸੁਖਪ੍ਰੀਤ ਸਿੰਘ ‘ਤੇ ਬੱਚੇ ਦੇ ਜਨਮ ਨੂੰ ਲੁਕਾਉਣ ਲਈ ਲਾਸ਼ ਨੂੰ ਟਿਕਾਣੇ ਲਾਉਣ, ਪੁਲਿਸ ਨਾਲ ਝੂਠ ਬੋਲ ਕੇ ਜਾਂਚ ਵਿਚ ਰੁਕਾਵਟ ਪਾਉਣ ਅਤੇ ਮ੍ਰਿਤਕ ਦੇਹ ਦੀ ਬੇਅਦਬੀ ਕਰਨ ਵਰਗੇ ਗੰਭੀਰ ਦੋਸ਼ ਲਾਏ ਗਏ ਹਨ। ਜਿੱਥੇ ਰਮਨਦੀਪ ਨੂੰ ਜ਼ਮਾਨਤ ਮਿਲ ਗਈ ਹੈ, ਉੱਥੇ ਹੀ ਉਸ ਦਾ ਪਤੀ ਸੁਖਪ੍ਰੀਤ ਸਿੰਘ ਅਜੇ ਵੀ ਹਿਰਾਸਤ ਵਿਚ ਹੈ। ਪੁਲਿਸ ਮੁਤਾਬਕ ਬੱਚੇ ਦੀ ਅਸਲ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਮੈਡੀਕਲ ਐਗਜ਼ਾਮਿਨਰ ਦੀ ਅੰਤਿਮ ਰਿਪੋਰਟ ਆਉਣ ਵਿਚ ਕੁਝ ਮਹੀਨੇ ਹੋਰ ਲੱਗ ਸਕਦੇ ਹਨ। ਇਸ ਜੋੜੇ ਦੀ ਅਗਲੀ ਅਦਾਲਤੀ ਪੇਸ਼ੀ 14 ਅਕਤੂਬਰ ਨੂੰ ਹੋਵੇਗੀ।
ਹੈਲੀਫ਼ੈਕਸ ਨੇੜੇ ਨਵਜੰਮੇ ਬੱਚੇ ਦੀ ਮੌਤ ਦੇ ਮਾਮਲੇ ਵਿਚ ਰਮਨਦੀਪ ਕੌਰ ਨੂੰ ਸਖਤ ਸ਼ਰਤਾਂ ਤਹਿਤ ਜ਼ਮਾਨਤ

