#CANADA

ਹੈਮਿਲਟਨ ਪੁਲਿਸ ਵੱਲੋਂ ਹਰਸਿਮਰਤ ਰੰਧਾਵਾ ਦੇ ਕਾਤਲਾਂ ਦੀ ਪਛਾਣ

ਦੋ ਧਿਰਾਂ ਵੱਲੋਂ ਗੋਲੀਬਾਰੀ ਦੌਰਾਨ ਵਰਤੀਆਂ ਕਾਰਾਂ ਕਬਜ਼ੇ ਵਿਚ ਲਈਆਂ
ਵੈਨਕੂਵਰ, 24 ਅਪ੍ਰੈਲ (ਪੰਜਾਬ ਮੇਲ)- ਹੈਮਿਲਟਨ ਪੁਲਿਸ ਨੇ ਹਰਸਿਮਰਤ ਕੌਰ ਰੰਧਾਵਾ (21) ਦੇ ਕਾਤਲਾਂ ਦੀ ਪਛਾਣ ਕਰ ਲਈ ਹੈ। ਰੰਧਾਵਾ ਦੀ 17 ਅਪ੍ਰੈਲ ਨੂੰ ਓਨਟਾਰੀਓ ਵਿਚ ਕੰਮ ਤੋਂ ਘਰ ਜਾਂਦਿਆਂ ਦੋ ਗਿਰੋਹਾਂ ਦੀ ਆਪਸੀ ਗੋਲੀਬਾਰੀ ਵਿਚ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ। ਪੁਲਿਸ ਨੇ ਵਾਰਦਾਤ ਲਈ ਵਰਤੀਆਂ ਦੋਵੇਂ ਕਾਰਾਂ ਕਬਜ਼ੇ ਵਿਚ ਲੈ ਲਈਆਂ ਸਨ। ਚਿੱਟੇ ਰੰਗ ਦੀ ਹੁੰਡਈ ਅਲਾਂਟਰਾ ਅਤੇ ਕਾਲੇ ਰੰਗ ਦੀ ਮਰਸੀਡੀਜ਼ ਦੀ ਫੌਰੈਂਸਿਕ ਜਾਂਚ ਦੌਰਾਨ ਪੁਲਿਸ ਨੇ ਕਾਤਲਾਂ ਵਿਰੁੱਧ ਠੋਸ ਸਬੂਤ ਇਕੱਤਰ ਕੀਤੇ ਹਨ।
ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਐਲੇਕਸ ਬੱਕ ਅਨੁਸਾਰ ਘਟਨਾ ਸਥਾਨ ਦੁਆਲੇ ਸੀ.ਸੀ.ਟੀ.ਵੀ. ਕੈਮਰਿਆਂ ‘ਚੋਂ ਕਾਰਾਂ ਦੀ ਪਛਾਣ ਕਰਕੇ ਚਿੱਟੀ ਕਾਰ ਤਾਂ ਘਟਨਾ ਦੇ ਅਗਲੇ ਦਿਨ ਟਰਾਂਟੋਂ ਤੋਂ ਫੜ ਲਈ ਸੀ, ਪਰ ਕਾਲੀ ਕਾਰ ਤੀਜੇ ਦਿਨ ਹੈਮਿਲਟਨ ਤੋਂ ਫੜੀ ਗਈ। ਦੋਵਾਂ ਕਾਰਾਂ ‘ਚੋਂ ਇਕੱਤਰ ਕੀਤੀ ਜਾਣਕਾਰੀ ਦੇ ਅਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਫੜਨ ਲਈ ਯਤਨ ਕੀਤੇ ਜਾ ਰਹੇ ਹਨ।
ਉਂਝ ਪੁਲਿਸ ਨੇ ਕਿਹਾ ਕਿ ਹਰਸਿਮਰਤ ਕੌਰ ਰੰਧਾਵਾ ਦੋਸ਼ੀਆਂ ਦੇ ਨਿਸ਼ਾਨੇ ‘ਤੇ ਨਹੀਂ ਸੀ, ਪਰ ਉਨ੍ਹਾਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਬਣੀ। ਜ਼ਿਕਰਯੋਗ ਹੈ ਕਿ ਸ੍ਰੀ ਗੋਇੰਦਵਾਲ ਸਾਹਿਬ ਨੇੜਲੇ ਪਿੰਡ ਧੂੰਦਾ ਦੀ ਹਰਸਿਮਰਤ ਰੰਧਾਵਾ ਚਾਰ ਕੁ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਆਈ ਸੀ ਤੇ ਹੈਮਿਲਟਨ ਵਿਚ ਰਹਿ ਰਹੀ ਸੀ। ਘਟਨਾ ਵਾਲੇ ਦਿਨ ਉਹ ਕੰਮ ਅਤੇ ਹੋਰ ਰੁਝੇਵਿਆਂ ਤੋਂ ਵੇਲੀ ਹੋ ਕੇ ਅੱਪਰ ਜੇਮਜ਼ ਸਟਰੀਟ ਅਤੇ ਸਾਊਥ ਬੈਂਡ ਰੋਡ ਵਾਲੇ ਬੱਸ ਸਟੌਪ ਤੋਂ ਘਰ ਨੂੰ ਜਾਣ ਲੱਗੀ, ਤਾਂ ਦੋ ਧੜਿਆਂ ਦੀ ਆਪਸੀ ਗੋਲੀਬਾਰੀ ਦਾ ਸ਼ਿਕਾਰ ਬਣ ਗਈ ਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ ਸੀ।