#CANADA

ਹੁਣ ਬਿਨਾਂ ਵੀਜ਼ਾ ਦੇ ਕੈਨੇਡਾ ਵਿਜ਼ਿਟ ਕਰ ਸਕਣਗੇ 13 ਹੋਰਨਾਂ ਦੇਸ਼ਾਂ ਦੇ ਵਾਸੀ : ਸੀਨ ਫਰੇਜ਼ਰ

ਓਟਵਾ, 8 ਜੂਨ (ਪੰਜਾਬ ਮੇਲ)-ਕੈਨੇਡਾ ਉਨ੍ਹਾਂ ਦੇਸ਼ਾਂ ਦੀ ਲਿਸਟ ਵਿਚ ਵਾਧਾ ਕਰਨ ਜਾ ਰਿਹਾ ਹੈ, ਜਿੱਥੋਂ ਦੇ ਵਾਸੀ ਬਿਨਾਂ ਟਰੈਵਲ ਵੀਜ਼ਾ ਦੇ ਇਥੇ ਵਿਜ਼ਿਟ ਕਰਨ ਦੇ ਯੋਗ ਹੋਣਗੇ। ਇਮੀਗ੍ਰੇਸ਼ਨ, ਰਿਫਿਊਜੀਜ਼ ਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਆਖਿਆ ਕਿ ਐਂਟੀਗੁਆ ਐਂਡ ਬਰਬੂਡਾ, ਅਰਜਨਟੀਨਾ, ਕੌਸਟਾਰਿਕਾ, ਮੋਰਾਕੋ, ਪਨਾਮਾ, ਫਿਲੀਪੀਨਜ਼, ਸੇਂਟ ਕਿਟਸ ਐਂਡ ਨੇਵਿਸ, ਸੇਂਟ ਲੂਸੀਆ, ਸੇਂਟ ਵਿੰਸੈਂਟ ਐਂਡ ਦਿ ਗ੍ਰੇਨਾਡਾਈਨਜ਼, ਸੇਸ਼ੈਲਜ਼, ਥਾਈਲੈਂਡ, ਤ੍ਰਿਨੀਦਾਦ ਐਂਡ ਟੋਬੈਗੋ, ਉਰੂਗੁਏ ਅਜਿਹੇ ਦੇਸ਼ ਹਨ, ਜਿੱਥੋਂ ਦੇ ਵਾਸੀ ਵੀਜ਼ੇ ਤੋਂ ਬਿਨਾਂ ਛੇ ਮਹੀਨੇ ਤੱਕ ਕੈਨੇਡਾ ਵਿਜ਼ਿਟ ਕਰ ਸਕਦੇ ਹਨ।
ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਦਿਆਂ ਫਰੇਜ਼ਰ ਨੇ ਆਖਿਆ ਕਿ ਹੁਣ ਦੁਨੀਆਂ ਭਰ ਦੇ ਕਈ ਹੋਰਨਾਂ ਦੇਸ਼ਾਂ ਤੋਂ ਲੋਕ ਕਦੇ ਨਾ ਭੁੱਲਣ ਵਾਲੇ ਐਡਵੈਂਚਰ ਦਾ ਆਨੰਦ ਲੈ ਸਕਣਗੇ, ਸਾਡੇ ਦੇਸ਼ ਦੇ ਖੁਬਸੂਰਤ ਨਜ਼ਾਰਿਆਂ ਨੂੰ ਵੇਖ ਸਕਣਗੇ, ਪਰਿਵਾਰ ਤੇ ਦੋਸਤਾਂ-ਮਿੱਤਰਾਂ ਨੂੰ ਮਿਲ ਸਕਣਗੇ ਅਤੇ ਸਾਡੇ ਸੱਭਿਆਚਾਰ ਤੋਂ ਜਾਣੂ ਹੋ ਸਕਣਗੇ। ਫਰੇਜ਼ਰ ਨੇ ਆਖਿਆ ਕਿ ਇਸ ਫੈਸਲੇ ਨਾਲ ਨਾ ਸਿਰਫ ਟਰੈਵਲਰਜ਼ ਨੂੰ ਸਹੂਲਤ ਹੋਵੇਗੀ, ਸਗੋਂ ਟਰੈਵਲ, ਟੂਰਿਜ਼ਮ ਤੇ ਆਰਥਿਕ ਫਾਇਦੇ ਦੇ ਨਾਲ-ਨਾਲ 13 ਦੇਸ਼ਾਂ ਨਾਲ ਸਬੰਧ ਹੋਰ ਮਜ਼ਬੂਤ ਹੋਣਗੇ।
ਇਨ੍ਹਾਂ 13 ਦੇਸ਼ਾਂ ਨੂੰ ਉਨ੍ਹਾਂ 50 ਹੋਰਨਾਂ ਥਾਵਾਂ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ ਹੈ, ਜਿੱਥੋਂ ਦੇ ਵਾਸੀਆਂ ਨੂੰ ਵੀਜ਼ਾ ਤੋਂ ਛੋਟ ਹੈ ਅਤੇ ਜਿੱਥੋਂ ਦੇ ਵਾਸੀ ਇਲੈਕਟ੍ਰਾਨਿਕ ਟਰੈਵਲ ਆਥਰਾਈਜ਼ੇਸ਼ਨ (ਈ. ਟੀ. ਏ.) ਯੋਗ ਹਨ। ਇਨ੍ਹਾਂ ਵਿਚ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਪਿਛਲੇ 10 ਸਾਲਾਂ ਵਿਚ ਜਾਂ ਤਾਂ ਕੈਨੇਡਾ ਦਾ ਵੀਜ਼ਾ ਲਿਆ ਹੋਵੇ ਤੇ ਜਾਂ ਫਿਰ ਉਨ੍ਹਾਂ ਕੋਲ ਅਮਰੀਕਾ ਦਾ ਯੋਗ ਨਾਨ ਇਮੀਗ੍ਰੈਂਟ ਵੀਜ਼ਾ ਹੋਵੇ। ਇਸ ਫੈਸਲੇ ਨਾਲ ਕੈਨੇਡਾ ਦੇ ਵੀਜ਼ਾ ਲਈ ਅਪਲਾਈ ਕਰ ਚੁੱਕੇ ਹਜ਼ਾਰਾਂ ਬਿਨੈਕਾਰਾਂ ਨੂੰ ਰਾਹਤ ਮਿਲੇਗੀ ਤੇ ਉਹ ਆਪਣੀਆਂ ਵੀਜ਼ਾ ਸਬੰਧੀ ਅਰਜ਼ੀਆਂ ਵਾਪਸ ਲੈ ਸਕਣਗੇ ਅਤੇ ਸਿਸਟਮ ਤੋਂ ਬੋਝ ਘਟੇਗਾ।
ਇਸ ਦੌਰਾਨ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਆਖਿਆ ਕਿ ਇਸ ਸੂਚੀ ਵਿਚ 13 ਦੇਸ਼ਾਂ, ਖਾਸ ਤੌਰ ਉੱਤੇ ਫਿਲੀਪੀਨਜ਼, ਨੂੰ ਸ਼ਾਮਲ ਕਰਨਾ ਫੈਡਰਲ ਸਰਕਾਰ ਦੀ ਇੰਡੋ-ਪੈਸੇਫਿਕ ਰਣਨੀਤੀ ਦਾ ਹਿੱਸਾ ਹੈ।

Leave a comment