#PUNJAB

ਹਿੰਦੂ ਆਗੂ ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ‘ਤੇ ਹਮਲਾ!

* ਕਿਹਾ-ਅੱਤਵਾਦੀਆਂ ਤੋਂ ਮਿਲੀਆਂ ਧਮਕੀਆਂ
ਅੰਮ੍ਰਿਤਸਰ, 11 ਮਈ (ਪੰਜਾਬ ਮੇਲ)-ਅੰਮ੍ਰਿਤਸਰ ‘ਚ ਦਸੰਬਰ 2022 ‘ਚ ਜਾਨ ਗਵਾਉਣ ਵਾਲੇ ਹਿੰਦੂ ਆਗੂ ਸੁਧੀਰ ਸੂਰੀ ਦੇ ਭਰਾ ਬ੍ਰਿਜ ਮੋਹਨ ਸੂਰੀ ਨੇ ਵੀਰਵਾਰ ਦੇਰ ਰਾਤ ਲਗਭਗ ਬਾਰਾਂ ਵਜੇ ਆਪਣੇ ਘਰ ਨੇੜੇ ਰੇਲਵੇ ਟਰੈਕ ‘ਤੇ ਪਹੁੰਚ ਕੇ ਗੋਲੀਆਂ ਚਲਾ ਦਿੱਤੀਆਂ। ਹਿੰਦੂ ਆਗੂ ਨੇ ਦਾਅਵਾ ਕੀਤਾ ਹੈ ਕਿ ਬੀਤੀ ਰਾਤ ਅੱਤਵਾਦੀਆਂ ਨੇ ਉਨ੍ਹਾਂ ਨੂੰ ਫੋਨ ‘ਤੇ ਉਨ੍ਹਾਂ ਦੇ ਘਰ ਦੇ ਬਾਹਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀਆਂ ਧਮਕੀਆਂ ਦਿੱਤੀਆਂ ਸਨ। ਅੱਤਵਾਦੀਆਂ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਕੁਝ ਹੀ ਦੇਰ ਵਿਚ ਉਹ ਉਨ੍ਹਾਂ ਦੇ ਘਰ ਦੇ ਬਾਹਰ ਇਕ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਨ।
ਬ੍ਰਿਜ ਮੋਹਨ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਪਿਛਲੇ ਕੁਝ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ ਪਰ ਬੀਤੀ ਰਾਤ ਜਦੋਂ ਦੋ ਨੌਜਵਾਨਾਂ ‘ਤੇ ਸ਼ੱਕ ਹੋਇਆ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਅਧਿਕਾਰੀਆਂ ਦੇ ਸਾਹਮਣੇ ਹੀ ਗੋਲੀਆਂ ਚਲਾਈਆਂ ਗਈਆਂ ਅਤੇ ਹੁਣ ਤੱਕ ਪੁਲਿਸ ਜਾਂਚ ਵਿਚ ਲੱਗੀ ਹੋਈ ਹੈ। ਬ੍ਰਿਜ ਮੋਹਨ ਸੂਰੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ 90465-91601 ਅਤੇ +19077054 ਨੰਬਰਾਂ ਤੋਂ ਕਾਲਾਂ ਆ ਰਹੀਆਂ ਸਨ। ਫੋਨ ਕਰਨ ਵਾਲੇ ਧਮਕੀਆਂ ਦਿੰਦੇ ਸਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਬੁੱਧਵਾਰ ਧਮਕਾਉਣ ਦਾ ਸਿਲਸਿਲਾ ਵਧ ਗਿਆ। ਉਸ ਨੇ ਸ਼ਿਵਾਲਾ ਕਾਲੋਨੀ ਵਿਚ ਘਰ ਦੇ ਸਾਹਮਣੇ ਰੇਲਵੇ ਲਾਈਨਾਂ ‘ਤੇ ਦੋ ਸ਼ੱਕੀ ਨੌਜਵਾਨਾਂ ਨੂੰ ਦੇਖਿਆ। ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਬ੍ਰਿਜ ਮੋਹਨ ਦਾ ਕਹਿਣਾ ਹੈ ਕਿ ਥਾਣਾ ਏ-ਡਵੀਜ਼ਨ ਦੇ ਐੱਸ.ਐੱਚ.ਓ. ਉਨ੍ਹਾਂ ਦੇ ਘਰ ਆਏ ਸਨ। ਉਹ ਰੇਲਵੇ ਲਾਈਨਾਂ ਵੱਲ ਵਧੇ। ਉਹ ਘਰ ਦੇ ਸਾਹਮਣੇ ਪਾਰਕ ਵਿਚ ਸਨ ਅਤੇ ਘਰ ਦੇ ਬਾਹਰ ਹੀ ਐੱਸ.ਐੱਚ.ਓ. ਸਨ। ਉਦੋਂ ਹੀ ਦੋ ਨੌਜਵਾਨ ਉਨ੍ਹਾਂ ਨੂੰ ਦੇਖ ਕੇ ਚੌਕਸ ਹੋ ਗਏ। ਉਨ੍ਹਾਂ ਨੌਜਵਾਨਾਂ ਨੂੰ ਲਲਕਾਰਿਆ। ਉਨ੍ਹਾਂ ‘ਤੇ ਦੋ ਰਾਊਂਡ ਫਾਇਰ ਕੀਤੇ, ਨੌਜਵਾਨਾਂ ਨੇ ਵੀ ਉਨ੍ਹਾਂ ‘ਤੇ ਇਕ ਰਾਊਂਡ ਫਾਇਰ ਕੀਤਾ। ਤੀਜਾ ਫਾਇਰ ਉਨ੍ਹਾਂ ਦੀ ਪਿਸਤੌਲ ਵਿਚ ਅਟਕ ਗਿਆ ਅਤੇ ਨੌਜਵਾਨ ਉਥੋਂ ਫ਼ਰਾਰ ਹੋ ਗਏ।
ਘਟਨਾ ਦੇ ਬਾਅਦ ਤੋਂ ਪੁਲਿਸ ਨੇ ਅਜੇ ਤੱਕ ਮਾਮਲਾ ਦਰਜ ਨਹੀਂ ਕੀਤਾ ਹੈ। ਬ੍ਰਿਜ ਮੋਹਨ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਥਾਣਾ ਏ-ਡਵੀਜ਼ਨ ਦਾ ਘਿਰਾਓ ਕੀਤਾ। ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਇਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਕੋਈ ਅੱਤਵਾਦੀ ਜਾਂ ਸ਼ਰਾਰਤੀ ਅਨਸਰ ਰੇਲਵੇ ਟਰੈਕ ਜਾਂ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਨਹੀਂ ਦਿਸਿਆ।
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਅਜੇ ਮਾਮਲੇ ਦੀ ਜਾਂਚ ਕਰ ਰਹੇ ਹਨ। ਸੀ.ਸੀ.ਟੀ.ਵੀ. ਫੁਟੇਜ ਵਿਚ ਦੂਜੇ ਪਾਸਿਓਂ ਕਿਸੇ ਨੌਜਵਾਨ ਵੱਲੋਂ ਫਾਇਰ ਤਸਦੀਕ ਨਹੀਂ ਹੋਇਆ ਹੈ। ਉਸ ਵੇਲੇ ਚੌਂਕੀ ਇੰਚਾਰਜ ਬ੍ਰਿਜ ਮੋਹਨ ਦੇ ਨਾਲ ਹੀ ਸਨ। ਮਾਹੌਲ ਬਿਲਕੁਲ ਸੁਰੱਖਿਅਤ ਹੈ।

Leave a comment