#INDIA

ਹਿੰਦੀ ਫਿਲਮ ਗੀਤਕਾਰ ਦੇਵ ਕੋਹਲੀ ਦਾ ਦੇਹਾਂਤ

ਮੁੰਬਈ, 26 ਅਗਸਤ (ਪੰਜਾਬ ਮੇਲ)- ‘ਯੇ ਕਾਲੀ-ਕਾਲੀ ਆਂਖੇਂ’, ‘ਦਿਲ ਦੀਵਾਨਾ ਬਿਨ ਸਜਨਾ ਕੇ ਮਾਨੇ ਨਾ’ ਅਤੇ ‘ਚਲਤੀ ਹੈ ਕਿਆ ਨੌ ਸੇ ਬਾਰਾ’ ਵਰਗੇ ਯਾਦਗਾਰੀ ਸੁਪਰਹਿੱਟ ਬਾਲੀਵੁੱਡ ਗੀਤ ਲਿਖਣ ਵਾਲੇ ਉੱਘੇ ਗੀਤਕਾਰ ਦੇਵ ਕੋਹਲੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 80 ਸਾਲ ਦੇ ਸਨ ਤੇ ਛੜੇ ਸਨ। ਉਨ੍ਹਾਂ ਨੇ ਆਪਣੇ ਅੰਧੇਰੀ ਘਰ ਵਿਚ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਓਸ਼ੀਵਾਰਾ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ। ਕੋਹਲੀ ਦੀ ਦੇਹ ਨੂੰ ਲੋਕਾਂ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਬਾਅਦ ਦੁਪਹਿਰ 2 ਵਜੇ ਤੱਕ ਲੋਖੰਡਵਾਲਾ ਕੰਪਲੈਕਸ ਸਥਿਤ ਉਨ੍ਹਾਂ ਦੇ ਘਰ ਅੰਤਿਮ ਸ਼ਰਧਾਂਜਲੀ ਦੇਣ ਲਈ ਰੱਖਿਆ ਗਿਆ। ਉਨ੍ਹਾਂ ਦਾ ਜਨਮ 2 ਨਵੰਬਰ 1942 ਨੂੰ ਰਾਵਲਪਿੰਡੀ (ਹੁਣ ਪਾਕਿਸਤਾਨ) ਵਿਚ ਸਿੱਖ ਪਰਿਵਾਰ ਵਿਚ ਹੋਇਆ। ਉਨ੍ਹਾਂ ਨੇ ‘ਲਾਲ ਪੱਥਰ’, ‘ਮੈਂਨੇ ਪਿਆਰ ਕੀਆ’, ‘ਬਾਜ਼ੀਗਰ’, ‘ਜੁੜਵਾ 2’, ‘ਸ਼ੂਟਆਊਟ ਐਟ ਲੋਖੰਡਵਾਲਾ’, ਅਤੇ ‘ਹਮ ਆਪਕੇ ਹੈਂ ਕੌਨ’ ਵਰਗੀਆਂ 100 ਤੋਂ ਵੱਧ ਫਿਲਮਾਂ ਲਈ ਗੀਤ ਲਿਖੇ। ਉਨ੍ਹਾਂ ਮਰਹੂਮ ਸ਼ੰਕਰ-ਜੈਕਿਸ਼ਨ, ਲਕਸ਼ਮੀਕਾਂਤ-ਪਿਆਰੇਲਾਲ, ਆਰਡੀ ਬਰਮਨ, ਅਨੂ ਮਲਿਕ, ਰਾਮ-ਲਕਸ਼ਮਣ, ਆਨੰਦ ਰਾਜ ਆਨੰਦ, ਆਨੰਦ-ਮਿਲਿੰਦ, ਵਿਸ਼ਾਲ-ਸ਼ੇਖਰ ਅਤੇ ਉੱਤਮ ਸਿੰਘ ਸਮੇਤ ਬਹੁਤ ਸਾਰੇ ਸੰਗੀਤ ਨਿਰਦੇਸ਼ਕਾਂ ਨਾਲ ਕੰਮ ਕੀਤਾ।

Leave a comment