#INDIA

ਹਿਮਾਚਲ ਵਿੱਚ ਮੀਂਹ ਦਾ ਕਹਿਰ ਜਾਰੀ; 51 ਮੌਤਾਂ

ਸ਼ਿਮਲਾ, 15 ਅਗਸਤ (ਪੰਜਾਬ ਮੇਲ)-  ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਦਾ ਕਹਿਰ ਅੱਜ ਵੀ ਜਾਰੀ ਹੈ ਅਤੇ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿੱਚ ਘੱਟੋ-ਘੱਟ 51 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਿਨ੍ਹਾਂ ’ਚੋਂ 14 ਵਿਅਕਤੀ ਸ਼ਿਮਲਾ ਨਾਲ ਸਬੰਧਤ ਹਨ। ਸੋਲਨ ਤੇ ਮੰਡੀ ਜ਼ਿਲ੍ਹੇ ’ਚ ਦੋ ਪਰਿਵਾਰਾਂ ਦੇ ਸੱਤ-ਸੱਤ ਜੀਅ ਹਲਾਕ ਹੋ ਗਏ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਸੂਬੇ ’ਚ ਭਲਕੇ 15 ਅਗਸਤ ਲਈ ਯੈਲੋ ਅਲਰਟ ਜਾਰੀ ਕਰਦਿਆਂ 18 ਅਗਸਤ ਤੱਕ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਸ਼ਿਮਲਾ ਦੇ ਸਮਰ ਹਿੱਲ ਇਲਾਕੇ ’ਚ ਸ਼ਿਵ ਮੰਦਿਰ ਦੇ ਮਲਬੇ ਹੇਠ ਦਬਣ ਕਾਰਨ ਨੌਂ ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦਾ ਖਦਸ਼ਾ ਹੈ। ਸਾਉਣ ਦਾ ਮਹੀਨਾ ਹੋਣ ਕਾਰਨ ਹਾਦਸੇ ਸਮੇਂ ਮੰਦਰ ’ਚ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ। ਸੂਬੇ ਦੀ ਰਾਜਧਾਨੀ ’ਚ ਢਿੱਗਾਂ ਖਿਸਕਣ ਦੀਆਂ ਦੋ ਘਟਨਾਵਾਂ ਵਾਪਰੀਆਂ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਮੌਕੇ ਦਾ ਦੌਰਾ ਕਰਦਿਆਂ ਦੱਸਿਆ ਕਿ ਸਮਰ ਹਿੱਲ ਇਲਾਕੇ ’ਚ ਇੱਕ ਸ਼ਿਵ ਮੰਦਰ ਤੇ ਫਾਗਲੀ ਇਲਾਕੇ ’ਚ ਇੱਕ ਹੋਰ ਥਾਂ ’ਤੇ ਢਿੱਗਾਂ ਖਿਸਕੀਆਂ ਹਨ ਅਤੇ ਹੁਣ ਤੱਕ ਮਲਬੇ ਹੇਠੋਂ ਨੌਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ। ਫਾਗਲੀ ਇਲਾਕੇ ’ਚ ਕਈ ਮਕਾਨ ਮਿੱਟੀ ’ਚ ਧਸ ਗਏ ਹਨ ਅਤੇ ਇੱਥੇ ਪੰਜ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਤੇ 17 ਲੋਕਾਂ ਨੂੰ ਬਚਾਇਆ ਗਿਆ ਹੈ। ਭਾਰੀ ਮੀਂਹ ਕਾਰਨ ਸਾਰੇ ਸਕੂਲ ਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

Leave a comment