18.4 C
Sacramento
Friday, September 22, 2023
spot_img

ਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਜਥਾ ਪਾਕਿਸਤਾਨ ਰਵਾਨਾ

ਅੰਮ੍ਰਿਤਸਰ, 22 ਜੂਨ (ਪੰਜਾਬ ਮੇਲ) – ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸਮਾਗਮਾਂ ’ਚ ਸ਼ਾਮਲ ਹੋਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਖ਼ਾਲਸਾਈ ਜੈਕਾਰਿਆਂ ਦੀ ਗੂੰਜ ਵਿਚ ਪਾਕਿਸਤਾਨ ਲਈ ਰਵਾਨਾ ਹੋਇਆ। ਪਾਕਿਸਤਾਨ ਜਾਣ ਵਾਲੇ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਭੁਪਿੰਦਰ ਸਿੰਘ ਭਲਵਾਨ ਨੂੰ ਸੌਂਪੀ ਗਈ ਹੈ, ਜਦਕਿ ਉਨ੍ਹਾਂ ਨਾਲ ਡਿਪਟੀ ਲੀਡਰ ਵਜੋਂ ਸ. ਰਵਿੰਦਰ ਸਿੰਘ ਖ਼ਾਲਸਾ ਤੇ ਜਨਰਲ ਪ੍ਰਬੰਧਕ ਵਜੋਂ ਮੀਤ ਸਕੱਤਰ ਸ. ਗੁਰਚਰਨ ਸਿੰਘ ਕੋਹਾਲਾ ਗਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੋਂ ਪਾਕਿਸਤਾਨ ਲਈ ਰਵਾਨਗੀ ਤੋਂ ਪਹਿਲਾਂ ਜਥੇ ਦੇ ਆਗੂਆਂ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਤੇ ਹੋਰ ਅਧਿਕਾਰੀਆਂ ਨੇ ਰਵਾਇਤ ਅਨੁਸਾਰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਜਾਣਕਾਰੀ ਦਿੰਦਿਆਂ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 276 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 205 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ। ਸਕੱਤਰ ਸ. ਪ੍ਰਤਾਪ ਸਿੰਘ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਥੇ ਦੀ ਅਗਵਾਈ ਕਰਨ ਵਾਲੇ ਮੈਂਬਰ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਪ੍ਰਬੰਧਾਂ ਅਤੇ ਸਿੱਖ ਮਸਲਿਆਂ ਸਬੰਧੀ ਉਥੋਂ ਦੀ ਸਰਕਾਰ ਨਾਲ ਗੱਲਬਾਤ ਵੀ ਕਰਨਗੇ।
ਇਸੇ ਦੌਰਾਨ ਜਥੇ ਦੇ ਆਗੂ ਸ਼੍ਰੋਮਣੀ ਕਮੇਟੀ ਮੈਂਬਰ ਸ. ਭੁਪਿੰਦਰ ਸਿੰਘ ਭਲਵਾਨ ਨੇ ਕਿਹਾ ਕਿ ਗੁਰੂ ਬਖ਼ਸ਼ਿਸ਼ ਸਦਕਾ ਉਨ੍ਹਾਂ ਨੂੰ ਜਥੇ ਦੀ ਅਗਵਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਗਤ ਅੰਦਰ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਦੀ ਤਾਂਘ ਹੁੰਦੀ ਹੈ, ਪਰੰਤੂ ਵੀਜ਼ਾ ਨਾ ਮਿਲਣ ਕਰਕੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਸਰਕਾਰਾਂ ਪਾਕਿਸਤਾਨ ਦੇ ਗੁਰਧਾਮਾਂ ਦੀ ਖੁੱਲ੍ਹੀ ਯਾਤਰਾ ਨੂੰ ਪ੍ਰਵਾਨਗੀ ਦੇਣ। ਸ਼੍ਰੋਮਣੀ ਕਮੇਟੀ ਜਥੇ ਦੇ ਆਗੂ ਨੇ ਦੱਸਿਆ ਕਿ ਇਹ ਜਥਾ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੋਰ ਵਿਖੇ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ਵਿਚ ਸ਼ਾਮਲ ਹੋਵੇਗਾ। ਇਸ ਤੋਂ ਪਹਿਲਾਂ ਜਥੇ ਦੇ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਸਾਹਿਬ ਮੰਡੀ ਚੂਹੜਕਾਣਾ ਸ਼ੇਖੂਪੁਰਾ, ਗੁਰਦੁਆਰਾ ਸ੍ਰੀ ਪੰਜਾ ਸਾਹਿਬ ਆਦਿ ਗੁਰ-ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨਗੇ। ਉਨ੍ਹਾਂ ਦੱਸਿਆ ਕਿ ਜਥੇ ਦੀ ਵਾਪਸੀ 30 ਜੂਨ ਨੂੰ ਹੋਵੇਗੀ।
ਸ਼੍ਰੋਮਣੀ ਕਮੇਟੀ ਦਫਤਰ ਤੋਂ ਜਥਾ ਰਵਾਨਾ ਕਰਨ ਸਮੇਂ ਸਕੱਤਰ ਸ. ਪ੍ਰਤਾਪ ਸਿੰਘ ਤੋਂ ਇਲਾਵਾ ਵਧੀਕ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਬਿਜੈ ਸਿੰਘ, ਸ. ਗੁਰਿੰਦਰ ਸਿੰਘ ਮਥਰੇਵਾਲ, ਸ. ਗੁਰਮੀਤ ਸਿੰਘ ਬੁੱਟਰ, ਮੀਤ ਸਕੱਤਰ ਸ. ਜਵਿੰਦਰ ਸਿੰਘ ਜੱਸੀ, ਪ੍ਰੋ. ਸੁਖਦੇਵ ਸਿੰਘ, ਸ. ਮਲਕੀਤ ਸਿੰਘ ਸੁਪ੍ਰਿੰਟੈਂਡੈਂਟ, ਇੰਚਾਰਜ ਯਾਤਰਾ ਸ. ਪਲਵਿੰਦਰ ਸਿੰਘ, ਸ. ਬਲਵਿੰਦਰ ਸਿੰਘ ਖੈਰਾਬਾਦ, ਸ. ਮਨਜੀਤ ਸਿੰਘ, ਸ. ਅਜ਼ਾਦੀਪ ਸਿੰਘ ਸਮੇਤ ਹੋਰ ਮੌਜੂਦ ਸਨ।

ਫੋਟੋ ਕੈਪਸ਼ਨ : ਸ਼੍ਰੋਮਣੀ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਸਬੰਧੀ ਪਾਕਿਸਤਾਨ ਲਈ ਸ. ਭੁਪਿੰਦਰ ਸਿੰਘ ਭਲਵਾਨ, ਸ. ਰਵਿੰਦਰ ਸਿੰਘ ਖਾਲਸਾ ਦੀ ਅਗਵਾਈ ਵਿਚ ਜਥਾ ਰਵਾਨਾ ਕਰਦੇ ਹੋਏ ਸ. ਪ੍ਰਤਾਪ ਸਿੰਘ ਅਤੇ ਹੋਰ।

Related Articles

Stay Connected

0FansLike
3,868FollowersFollow
21,200SubscribersSubscribe
- Advertisement -spot_img

Latest Articles