#PUNJAB

ਹਾਈਕੋਰਟ ਵੱਲੋਂ ਬਰਖਾਸਤ ਏ.ਆਈ. ਜੀ. ਰਾਜਜੀਤ ਸਿੰਘ ਦੀ ਜ਼ਮਾਨਤ ਪਟੀਸ਼ਨ ਖਾਰਜ

ਚੰਡੀਗੜ੍ਹ, 3 ਅਗਸਤ (ਪੰਜਾਬ ਮੇਲ)- ਪੰਜਾਬ ਦੇ ਹਜ਼ਾਰਾਂ ਕਰੋੜਾਂ ਦੇ ਡਰੱਗ ਰੈਕੇਟ ਮਾਮਲੇ ਦੇ ਦੋਸ਼ੀ ਨੂੰ ਵੀਰਵਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਹਾਈਕੋਰਟ ਨੇ ਮੁਲਜ਼ਮ ਏ. ਆਈ. ਜੀ. ਰਾਜਜੀਤ ਸਿੰਘ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ, ਜਿਸ ਕਾਰਨ ਦੋਸ਼ੀ ਨੂੰ ਪੁਲਿਸ ਅੱਗੇ ਆਤਮ ਸਮਰਪਣ ਕਰਨਾ ਪਵੇਗਾ। ਪੰਜਾਬ ਪੁਲਿਸ ਸਮੇਤ ਵਿਜੀਲੈਂਸ ਟੀਮ ਪਹਿਲਾਂ ਹੀ ਮੁਲਜ਼ਮ ਰਾਜਜੀਤ ਸਿੰਘ ਦੀ ਭਾਲ ਕਰ ਰਹੀ ਹੈ।
ਰਾਜਜੀਤ ਸਿੰਘ ਖਿਲਾਫ ਮਾਮਲਾ ਦਰਜ ਹੋਣ ਦੇ ਬਾਅਦ ਤੋਂ ਹੀ ਉਹ ਫਰਾਰ ਹੈ, ਜਦਕਿ ਵਿਜੀਲੈਂਸ ਮੁਲਜ਼ਮਾਂ ਦੀ ਨਸ਼ੇ ਨਾਲ ਕੀਤੀ ਜਾਇਦਾਦ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮਾਮਲੇ ‘ਤੇ ਹਾਈ ਕੋਰਟ ਨੇ ਬੀਤੇ ਬੁੱਧਵਾਰ ਨੂੰ ਵੀ ਸੁਣਵਾਈ ਕੀਤੀ ਸੀ, ਜਦੋਂ ਕਿ ਪਿਛਲੇ ਹਫ਼ਤੇ ਵੀ ਨਸ਼ਿਆਂ ਦੇ ਮਾਮਲੇ ਦੀ ਸੁਣਵਾਈ ਕੁਝ ਦਿਨ ਲਗਾਤਾਰ ਚੱਲਦੀ ਰਹੀ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਦੋਸ਼ੀ ਏ.ਆਈ.ਜੀ. ਰਾਜਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰਨ ਤੋਂ ਬਾਅਦ ਲੁੱਕਆਊਟ ਸਰਕੂਲਰ (ਐੱਲ.ਓ.ਸੀ.) ਜਾਰੀ ਕੀਤਾ ਸੀ। ਵਿਜੀਲੈਂਸ ਉਸ ਦੀ ਡਰੱਗ ਮਨੀ ਕਮਾਉਣ ਵਾਲੀ ਜਾਇਦਾਦ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪੁਲਿਸ ਅਜੇ ਤੱਕ ਦੋਸ਼ੀ ਰਾਜਜੀਤ ਨੂੰ ਗ੍ਰਿਫਤਾਰ ਨਹੀਂ ਕਰ ਸਕੀ।

Leave a comment