#PUNJAB

ਹਰ ਪਾਰਟੀ ਲਈ ਵਕਾਰ ਦਾ ਸਵਾਲ ਬਣੀ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ

-10 ਮਈ ਨੂੰ ਹੋਵੇਗੀ ਚੋਣ, 13 ਮਈ ਨੂੰ ਆਉਣਗੇ ਨਤੀਜੇ
ਜਲੰਧਰ, 12 ਅਪ੍ਰੈਲ (ਪੰਜਾਬ ਮੇਲ)- ਕਾਂਗਰਸ ਦੇ ਐੱਮ.ਪੀ. ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਜਲੰਧਰ ਰਾਖਵੀਂ ਲੋਕ ਸਭਾ ਦੀ ਖਾਲੀ ਹੋਈ ਸੀਟ ਲਈ ਜ਼ਿਮਨੀ ਚੋਣ 10 ਮਈ ਨੂੰ ਹੋਵੇਗੀ ਅਤੇ 13 ਮਈ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ। ਇਸ ਦੇ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੇ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨੇ ਸ਼ੁਰੂ ਕਰ ਦਿੱਤੇ ਹਨ। ਹੁਣ ਤੱਕ ਐਲਾਨ ਕੀਤੇ ਗਏ ਉਮੀਦਵਾਰਾਂ ਵਿਚ ਕਾਂਗਰਸ ਵੱਲੋਂ ਮਰਹੂਮ ਚੌਧਰੀ ਸੰਤੋਖ ਸਿੰਘ ਦੀ ਧਰਮ ਪਤਨੀ ਕਰਮਜੀਤ ਕੌਰ ਚੌਧਰੀ, ਅਕਾਲੀ ਦਲ-ਬਸਪਾ ਗਠਜੋੜ ਵੱਲੋਂ ਬੰਗਾ ਹਲਕੇ ਦੇ ਮੌਜੂਦਾ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ, ਜਦਕਿ ਪੰਜਾਬ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗੁਰਜੰਟ ਸਿੰਘ ਕੱਟੂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਅਧਿਕਾਰਤ ਤੌਰ ‘ਤੇ ਭਾਵੇਂ ਆਪਣੇ ਉਮੀਦਵਾਰ ਦਾ ਐਲਾਨ ਹਾਲੇ ਤੱਕ ਨਹੀਂ ਕੀਤਾ ਗਿਆ। ਪਰ ਸਾਬਕਾ ਆਈ.ਪੀ.ਐੱਸ. ਅਧਿਕਾਰੀ ਰਜਿੰਦਰ ਸਿੰਘ ਅਤੇ ਬੀ.ਜੇ.ਪੀ. ਦੇ ਜਨਰਲ ਸਕੱਤਰ ਰਾਜੇਸ਼ ਬੱਗਾ ਦਾ ਨਾਂ ਉੱਭਰ ਕੇ ਸਾਹਮਣੇ ਆ ਰਿਹਾ ਹੈ। ਇਸ ਤੋਂ ਇਲਾਵਾ ਹਾਲੇ ਕਿਸੇ ਹੋਰ ਪ੍ਰਾਂਤਕ ਜਾਂ ਰਾਸ਼ਟਰੀ ਪਾਰਟੀ ਵੱਲੋਂ ਕਿਸੇ ਉਮੀਦਵਾਰ ਦਾ ਨਾਂ ਉਜਾਗਰ ਨਹੀਂ ਕੀਤਾ ਗਿਆ।
ਜਲੰਧਰ ਲੋਕ ਸਭਾ ਹਲਕੇ ਤੋਂ 2019 ‘ਚ ਚੌਧਰੀ ਸੰਤੋਖ ਸਿੰਘ ਨੇ ਅਕਾਲੀ ਦਲ-ਬੀ.ਜੇ.ਪੀ. ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਨੂੰ 19491 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਥੋਂ ਬਸਪਾ ਦੇ ਉਮੀਦਵਾਰ 2 ਲੱਖ ਤੋਂ ਜ਼ਿਆਦਾ ਵੋਟਾਂ ਲੈ ਗਏ ਸਨ। ਪਰ ਹੁਣ ਸਮੀਕਰਨ ਬਦਲ ਗਏ ਹਨ। ਅਕਾਲੀ ਦਲ-ਬੀ.ਜੇ.ਪੀ. ਗਠਜੋੜ ਟੁੱਟ ਚੁੱਕਾ ਹੈ ਅਤੇ ਹੁਣ ਅਕਾਲੀ ਦਲ ਦਾ ਗਠਜੋੜ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਹੈ। ਇਸ ਲੋਕ ਸਭਾ ਹਲਕੇ ਵਿਚ 9 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ਵਿਚੋਂ 5 ਹਲਕਿਆਂ ਵਿਚ ਕਾਂਗਰਸ ਅਤੇ 4 ‘ਚ ਆਪ ਦੇ ਵਿਧਾਇਕ ਹਨ। ਹਲਕੇ ਵਿਚ ਕੁੱਲ 1018998 ਵੋਟਰ ਹਨ। ਇਥੇ 37.97 ਪ੍ਰਤੀਸ਼ਤ ਦਲਿਤ ਵੋਟਰ ਹਨ। ਹਰ ਪਾਰਟੀ ਦਾ ਜ਼ੋਰ ਇਨ੍ਹਾਂ ਵੋਟਰਾਂ ਨੂੰ ਭਰਮਾਉਣ ‘ਤੇ ਲੱਗਾ ਰਹੇਗਾ।
ਇਸ ਵਾਰ ਇਹ ਚੋਣਾਂ ਹਰ ਪਾਰਟੀ ਲਈ ਵਕਾਰ ਦਾ ਸਵਾਲ ਬਣੀ ਹੋਈ ਹੈ। ਪੰਜਾਬ ਦੀ ਮੌਜੂਦਾ ਆਪ ਸਰਕਾਰ ਵੱਲੋਂ ਪਹਿਲਾਂ ਹੀ ਸੰਗਰੂਰ ਹਲਕੇ ਦੀ ਚੋਣ ਹਾਰਨ ਤੋਂ ਬਾਅਦ ਹੁਣ ਜਲੰਧਰ ਦੀ ਜ਼ਿਮਨੀ ਚੋਣ ਕਾਫੀ ਮਹੱਤਵ ਰੱਖਦੀ ਹੈ। ਹਰ ਪਾਰਟੀ ਇਹ ਚੋਣ ਜਿੱਤਣ ਦੇ ਦਾਅਵੇ ਕਰ ਰਹੀ ਹੈ। ਪਰ ਇਸ ਬਾਰੇ 13 ਮਈ ਨੂੰ ਹੀ ਪਤਾ ਲੱਗੇਗਾ ਕਿ ਕਿਸ ਪਾਰਟੀ ਨੂੰ ਕਿੰਨੀਆਂ ਵੋਟਾਂ ਮਿਲੀਆਂ ਹਨ।

Leave a comment