#INDIA

ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ ਸ਼ੁਰੂ ਹੋਈ ਹਿੰਸਾ ਦਾ ਸੇਕ ਗੁਰੂਗ੍ਰਾਮ ਪੁੱਜਾ

ਹਿੰਸਾ ਵਿਚ ਮਸਜਿਦ ਦੇ ਨਾਇਬ ਇਮਾਮ ਦੀ ਮੌਤ; ਮ੍ਰਿਤਕਾਂ ਦੀ ਗਿਣਤੀ ਵਧ ਕੇ 5 ਹੋਈ
* ਭੀੜ ਨੇ ਗੁਰੂਗ੍ਰਾਮ ‘ਚ ਮਸਜਿਦ ਤੇ ਢਾਬੇ ਨੂੰ ਲਾਈ ਅੱਗ
* ਨੂਹ ਜ਼ਿਲ੍ਹੇ ਵਿਚ ਕਰਫਿਊ ਜਾਰੀ
* ਸੂਬੇ ਦੀ ਸ਼ਾਂਤੀ ਭੰਗ ਕਰਨ ਲਈ ਰਚੀ ਗਈ ਹਿੰਸਾ ਦੀ ਸਾਜ਼ਿਸ਼: ਵਿੱਜ
ਗੁਰੂਗ੍ਰਾਮ/ਚੰਡੀਗੜ੍ਹ, 2 ਅਗਸਤ (ਪੰਜਾਬ ਮੇਲ)- ਹਰਿਆਣਾ ਦੇ ਨੂਹ ਜ਼ਿਲ੍ਹੇ ‘ਚ ਬੀਤੇ ਦਿਨੀਂ ਸ਼ੁਰੂ ਹੋਈ ਹਿੰਸਾ ਦਾ ਸੇਕ ਗੁਰੂਗ੍ਰਾਮ ਪੁੱਜ ਗਿਆ ਹੈ, ਜਿੱਥੇ ਭੀੜ ਨੇ ਇੱਕ ਮਸਜਿਦ ਨੂੰ ਅੱਗ ਲਗਾ ਦਿੱਤੀ ਤੇ ਇਸ ਘਟਨਾ ‘ਚ ਇੱਥੋਂ ਦੇ ਨਾਇਬ ਇਮਾਮ ਦੀ ਮੌਤ ਹੋ ਗਈ, ਜਿਸ ਨਾਲ ਹਿੰਸਾ ‘ਚ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ ਪੰਜ ਹੋ ਗਈ ਹੈ। ਇਸੇ ਦੌਰਾਨ ਮੁਜ਼ਾਹਰਾਕਾਰੀਆਂ ਨੇ ਅੱਜ ਗੁਰੂਗ੍ਰਾਮ ਦੇ ਬਾਦਸ਼ਾਹਪੁਰ ‘ਚ ਇੱਕ ਢਾਬੇ ਨੂੰ ਅੱਗ ਲਗਾ ਦਿੱਤੀ ਤੇ ਉਸ ਨਾਲ ਲਗਦੀਆਂ ਦੁਕਾਨਾਂ ‘ਚ ਭੰਨਤੋੜ ਕੀਤੀ ਹੈ। ਉੱਧਰ ਨੂਹ ਜ਼ਿਲ੍ਹੇ ‘ਚ ਕਰਫਿਊ ਲੱਗਿਆ ਹੋਇਆ ਹੈ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਕਿਹਾ ਕਿ ਸੂਬੇ ‘ਚ ਸ਼ਾਂਤੀ ਭੰਗ ਕਰਨ ਦਾ ਇਰਾਦਾ ਰੱਖਣ ਵਾਲਿਆਂ ਨੇ ਨੂਹ ‘ਚ ਹਿੰਸਾ ਦੀ ਸਾਜ਼ਿਸ਼ ਰਚੀ ਹੈ।
ਪੁਲਿਸ ਨੇ ਦੱਸਿਆ ਕਿ ਵਿਸ਼ਵ ਹਿੰਦੂ ਪਰਿਸ਼ਦ (ਵੀ.ਐੱਚ.ਪੀ.) ਵੱਲੋਂ ਕੱਢੀ ਜਾ ਰਹੀ ਯਾਤਰਾ ਰੋਕਣ ਦੀ ਭੀੜ ਵੱਲੋਂ ਕੋਸ਼ਿਸ਼ ਕੀਤੇ ਜਾਣ ਕਾਰਨ ਭੜਕੀ ਹਿੰਸਾ ਗੁਰੂਗ੍ਰਾਮ ਤੱਕ ਫੈਲ ਗਈ ਹੈ ਅਤੇ ਭੀੜ ਨੇ ਸ਼ਹਿਰ ਦੇ ਸੈਕਟਰ-57 ਵਿਚਲੀ ਉਸਾਰੀ ਅਧੀਨ ਅੰਜੂਮਨ ਮਸਜਿਦ ਨੂੰ ਅੱਗ ਲਗਾ ਦਿੱਤੀ ਹੈ। ਇਸ ਘਟਨਾ ‘ਚ ਮਸਜਿਦ ਦੇ 26 ਸਾਲਾ ਨਾਇਬ ਇਮਾਮ ਦੀ ਮੌਤ ਹੋ ਗਈ ਹੈ ਅਤੇ ਇਸ ਨਾਲ ਸੂਬੇ ‘ਚ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਪੰਜ ਹੋ ਗਈ ਹੈ। ਮ੍ਰਿਤਕ ਇਮਾਮ ਦੀ ਪਛਾਣ ਬਿਹਾਰ ਵਾਸੀ ਸਾਦ ਵਜੋਂ ਹੋਈ ਹੈ। ਇਸ ਘਟਨਾ ‘ਚ ਇੱਕ ਹੋਰ ਵਿਅਕਤੀ ਜ਼ਖ਼ਮੀ ਵੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨੂਹ ‘ਚ ਚਾਰ ਜਣਿਆਂ ਦੀ ਮੌਤ ਹੋਈ ਹੈ ਅਤੇ ਕਈ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ।

ਨੂਹ ਦੇ ਬਾਦਸ਼ਾਹਪੁਰ ‘ਚ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਦੁਕਾਨ ਦੀ ਕੀਤੀ ਗਈ ਭੰਨ-ਤੋੜ।

ਇਸੇ ਦੌਰਾਨ ਅੱਜ ਦੁਪਹਿਰ ਸਮੇਂ ਲੋਕਾਂ ਦੀ ਭੀੜ ਨੇ ਗੁਰੂਗ੍ਰਾਮ ਦੇ ਬਾਦਸ਼ਾਹਪੁਰ ‘ਚ ਇੱਕ ਢਾਬੇ ਨੂੰ ਅੱਗ ਲਗਾ ਦਿੱਤੀ ਅਤੇ ਉਸ ਦੇ ਨਾਲ ਲਗਦੀਆਂ ਦੁਕਾਨਾਂ ਦੀ ਭੰਨ-ਤੋੜ ਕੀਤੀ। ਮੁਜ਼ਾਹਰਾਕਾਰੀਆਂ ਨੇ ਇੱਥੋਂ ਦੀ ਮਸਜਿਦ ਸਾਹਮਣੇ ਜੈ ਸ੍ਰੀਰਾਮ ਦੇ ਨਾਅਰੇ ਵੀ ਮਾਰੇ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਮੌਕੇ ‘ਤੇ ਪਹੁੰਚੀ ਤਾਂ ਮੁਜ਼ਾਹਰਾਕਾਰੀ ਮੋਟਰਸਾਈਕਲਾਂ ‘ਤੇ ਬੈਠ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਬਾਦਸ਼ਾਹਪੁਰ ਦਾ ਬਾਜ਼ਾਰ ਬੰਦ ਕਰ ਦਿੱਤਾ ਗਿਆ। ਦੂਜੇ ਪਾਸੇ ਵਿਸ਼ਵ ਹਿੰਦੂ ਪਰਿਸ਼ਦ ਨੇ ਇਸ ਹਿੰਸਾ ਨੂੰ ਅਤਵਾਦੀ ਹਮਲੇ ਨਾਲ ਜੋੜਦਿਆਂ ਘਟਨਾ ਦੀ ਐੱਨਆਈਏ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।ਪੁਲੀਸ ਨੇ ਦੱਸਿਆ ਕਿ ਨੂਹ ‘ਚ ਅੱਜ ਕਿਸੇ ਹੋਰ ਹਿੰਸਕ ਘਟਨਾ ਦੀ ਜਾਣਕਾਰੀ ਨਹੀਂ ਮਿਲੀ ਪਰ ਸਥਿਤੀ ਤਣਾਅ ਵਾਲੀ ਬਣੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨੂਹ ਤੇ ਹੋਰ ਇਲਾਕਿਆਂ ‘ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਵਿੱਜ ਨੇ ਅੰਬਾਲਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੂਹ ‘ਚ ਹਿੰਸਾ ਅਚਾਨਕ ਹੋਈ ਪ੍ਰਤੀਤ ਨਹੀਂ ਹੁੰਦੀ। ਉਨ੍ਹਾਂ ਕਿਹਾ, ‘ਜਿਸ ਪੱਧਰ ‘ਤੇ ਹਿੰਸਾ ਹੋਈ ਹੈ ਅਤੇ ਜਿਸ ਤਰ੍ਹਾਂ ਵੱਖ ਵੱਖ ਥਾਵਾਂ ‘ਤੇ ਹੋਈ, ਜਿਸ ਤਰ੍ਹਾਂ ਪੱਥਰ ਇਕੱਠੇ ਕੀਤੇ ਗਏ, ਜਿਸ ਤਰ੍ਹਾਂ ਹਥਿਆਰ ਦਿਖਾਏ ਗਏ, ਜਿਸ ਤਰ੍ਹਾਂ ਗੋਲੀਆਂ ਚਲਾਈਆਂ ਗਈਆਂ, ਉਸ ਨਾਲ ਅਜਿਹਾ ਨਹੀਂ ਲਗਦਾ ਕਿ ਇਹ ਸਭ ਕੁਝ ਅਚਾਨਕ ਹੋਇਆ ਹੋਵੇ।’ ਉਨ੍ਹਾਂ ਕਿਹਾ ਕਿ ਉੱਥੇ ਦੋਵੇਂ ਭਾਈਚਾਰੇ ਅਮਨ-ਅਮਾਨ ਨਾਲ ਰਹਿੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਤੇ ਦੇਸ਼ ‘ਚ ਸ਼ਾਂਤੀ ਭੰਗ ਕਰਨ ਦਾ ਇਰਾਦਾ ਰੱਖਣ ਵਾਲੇ ਕਿਸੇ ਨੇ ਇਸ ਘਟਨਾ ਦੀ ਸਾਜ਼ਿਸ਼ ਰਚੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਤਤਕਾਲ ਕਿਸੇ ਨਤੀਜੇ ‘ਤੇ ਨਹੀਂ ਪਹੁੰਚਣਾ ਚਾਹੁੰਦੇ। ਉਨ੍ਹਾਂ ਦੀ ਤਰਜੀਹ ਸਥਿਤੀ ਕਾਬੂ ਹੇਠ ਲਿਆਉਣਾ ਤੇ ਸ਼ਾਂਤੀ ਬਣਾਏ ਰੱਖਣਾ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨਾਲ ਗੱਲ ਕੀਤੀ ਹੈ ਅਤੇ ਸੂਬੇ ਲਈ ਕੇਂਦਰੀ ਬਲਾਂ ਦੀਆਂ 20 ਕੰਪਨੀਆਂ ਅਲਾਟ ਕੀਤੀਆਂ ਗਈਆਂ ਹਨ। ਹਿੰਸਾ ‘ਚ ਮਾਰੇ ਗਏ ਲੋਕਾਂ ਬਾਰੇ ਉਨ੍ਹਾਂ ਕਿਹਾ ਕਿ ਹੋਮਗਾਰਡ ਦੇ ਦੋ ਜਵਾਨਾਂ ਦੀ ਮੌਤ ਹੋਈ ਹੈ ਤੇ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ 15 ਜਣਿਆਂ ਨੂੰ ਨਲਹਰ ਸਥਿਤ ਮੈਡੀਕਲ ਕਾਲਜ ਲਿਆਂਦਾ ਗਿਆ ਤੇ ਇੱਕ ਵਿਅਕਤੀ ਨੂੰ ਮ੍ਰਿਤਕ ਹਾਲਤ ‘ਚ ਲਿਆਂਦਾ ਗਿਆ ਜਿਸ ਦੀ ਅਜੇ ਪਛਾਣ ਨਹੀਂ ਹੋਈ।

Leave a comment