-ਸੀਟਾਂ ਦੀ ਵੰਡ ਨੂੰ ਲੈ ਕੇ ‘ਆਪ’ ਤੇ ਕਾਂਗਰਸ ‘ਚ ਨਹੀਂ ਹੋਇਆ ਗਠਜੋੜ
-‘ਆਪ’ ਵੱਲੋਂ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
ਨਵੀਂ ਦਿੱਲੀ, 9 ਸਤੰਬਰ (ਪੰਜਾਬ ਮੇਲ)- ਹਰਿਆਣਾ ਵਿਚ ਆਮ ਆਦਮੀ ਪਾਰਟੀ ਇਕੱਲੇ ਹੀ ਵਿਧਾਨ ਸਭਾ ਚੋਣਾਂ ਲੜੇਗੀ। ‘ਆਪ’ ਵੱਲੋਂ 20 ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਸਪਸ਼ਟ ਹੋ ਗਿਆ ਹੈ ਕਿ ਉਹ ਕਾਂਗਰਸ ਨਾਲ ਗਠਜੋੜ ਨਹੀਂ ਕਰੇਗੀ। ਇਸ ਤੋਂ ਪਹਿਲਾਂ ਹਰਿਆਣਾ ਦੇ ਆਪ ਦੇ ਆਗੂ ਸੁਸ਼ੀਲ ਗੁਪਤਾ ਨੇ ਕਿਹਾ ਸੀ ਕਿ ਜੇ ਅੱਜ ਵੀ ਦੋਵਾਂ ਪਾਰਟੀਆਂ ਦਰਮਿਆਨ ਗੱਲ ਸਿਰੇ ਨਹੀਂ ਚੜ੍ਹਦੀ, ਤਾਂ ‘ਆਪ’ ਸਾਰੀਆਂ 90 ਵਿਧਾਨ ਸਭਾ ਹਲਕਿਆਂ ‘ਤੇ ਆਪਣੇ ਉਮੀਦਵਾਰ ਐਲਾਨ ਦੇਵੇਗੀ। ਦੋਵਾਂ ਪਾਰਟੀਆਂ ਵਿਚ ਗਠਜੋੜ ਸਿਰੇ ਨਾ ਚੜ੍ਹਨ ਦਾ ਕਾਰਨ ਸੀਟਾਂ ਦੀ ਵੰਡ ਹੈ। ਆਪ ਕਾਂਗਰਸ ਤੋਂ ਦਸ ਸੀਟਾਂ ਮੰਗ ਰਹੀ ਸੀ। ਦੂਜੇ ਪਾਸੇ ਕਾਂਗਰਸ ਸਿਰਫ ਪੰਜ ਸੀਟਾਂ ਦੇਣ ‘ਤੇ ਅੜੀ ਹੋਈ ਸੀ। ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸ ਨਾਲ ਗਠਜੋੜ ਦੀ ਗੱਲਬਾਤ ਖਤਮ ਹੋਣ ਦਾ ਸੰਕੇਤ ਦਿੰਦਿਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿਚ ਕੈਥਲ ਜ਼ਿਲ੍ਹੇ ਦੇ ਕਲਾਇਤ ਤੋਂ ਚੋਣ ਲੜਨ ਵਾਲੇ ਅਨੁਰਾਗ ਢਾਂਡਾ ਸ਼ਾਮਲ ਹਨ। ਇਸ ਤੋਂ ਇਲਾਵਾ ਕੁਲਦੀਪ ਗਦਰਾਣਾ ਨੂੰ ਵੀ ਟਿਕਟ ਦਿੱਤੀ ਗਈ ਹੈ, ਜੋ ਡੱਬਵਾਲੀ ਤੋਂ ਜਨ ਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਦਿਗਵਿਜੈ ਚੌਟਾਲਾ, ਕਾਂਗਰਸ ਦੇ ਅਮਿਤ ਸਿਹਾਗ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਦਿੱਤਿਆ ਦੇਵੀ ਲਾਲ ਨਾਲ ਮੁਕਾਬਲਾ ਕਰਨਗੇ। ਦੱਸਣਾ ਬਣਦਾ ਹੈ ਕਿ ‘ਆਪ’ ਨੂੰ ਹਾਲ ਹੀ ਵਿਚ ਮੁਕੰਮਲ ਹੋਈਆਂ ਲੋਕ ਸਭਾ ਚੋਣਾਂ ਵਿਚ ਸਭ ਤੋਂ ਵਧ ਵੋਟਾਂ ਕਲਾਇਤ ਵਿਧਾਨ ਸਭਾ ਹਲਕੇ ਤੋਂ ਮਿਲੀਆਂ ਸਨ। ਇੱਥੋਂ ‘ਆਪ’ ਨੂੰ 14,437 ਵੋਟਾਂ ਵੀ ਲੀਡ ਮਿਲੀ ਸੀ। ਇਸ ਤੋਂ ਇਲਾਵਾ ‘ਆਪ’ ਨੇ ਨਰਾਇਣਗੜ੍ਹ, ਅਸੰਧ, ਸਮਾਲਖਾ, ਰੋਹਤਕ, ਬਹਾਦਰਗੜ੍ਹ, ਬਦਲੀ, ਬੇਰੀ, ਮਹਿੰਦਰਗੜ੍ਹ ਅਤੇ ਡੱਬਵਾਲੀ ਸਮੇਤ ਉਨ੍ਹਾਂ ਹਲਕਿਆਂ ‘ਤੇ ਆਪਣੇ ਉਮੀਦਵਾਰ ਐਲਾਨੇ ਹਨ, ਜਿੱਥੇ ਕਾਂਗਰਸ ਨੇ ਮੌਜੂਦਾ ਵਿਧਾਇਕਾਂ ‘ਤੇ ਦਾਅ ਖੇਡਿਆ ਹੈ।