#INDIA

ਹਰਿਆਣਾ ਗੁਰਦੁਆਰਾ ਕਮੇਟੀ ਨੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲੀ

-ਧਾਮੀ ਵੱਲੋਂ ਹਰਿਆਣਾ ਕਮੇਟੀ ਦਾ ਵਿਰੋਧ
ਕੁਰੂਕਸ਼ੇਤਰ, 20 ਫਰਵਰੀ (ਪੰਜਾਬ ਮੇਲ)- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸੂਬੇ ਦੇ ਇਤਿਹਾਸਕ ਗੁਰਦੁਆਰਿਆਂ ਦੀ ਸੇਵਾ ਸੰਭਾਲਣੀ ਸ਼ੁਰੂ ਕਰ ਦਿੱਤੀ ਹੈ। ਕਮੇਟੀ ਪ੍ਰਧਾਨ ਬਾਬਾ ਕਰਮਜੀਤ ਸਿੰਘ ਤੇ ਹੋਰ ਅਹੁਦੇਦਾਰਾਂ ਨੇ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਪਹੁੰਚ ਕੇ ਗੁਰੂ ਘਰ ਦੀ ਸੇਵਾ ਸੰਭਾਲੀ। ਇਸ ਦੌਰਾਨ ਕਮੇਟੀ ਮੈਂਬਰਾਂ ਨੇ ਇਕ ਕਟਰ ਦੀ ਮਦਦ ਨਾਲ ਗੁਰਦੁਆਰਾ ਸਾਹਿਬ ਦੀ ਗੋਲਕ ‘ਤੇ ਲੱਗੇ ਜਿੰਦਰੇ ਨੂੰ ਕੱਟ ਕੇ ਆਪਣਾ ਜਿੰਦਰਾ ਲਗਾ ਦਿੱਤਾ।  ਇਸ ਤੋਂ ਬਾਅਦ ਬਾਬਾ ਕਰਮਜੀਤ ਸਿੰਘ ਹਰਿਆਣਾ ਸਿੱਖ ਮਿਸ਼ਨ ਦੇ ਦਫ਼ਤਰ ਵਿਚ ਗਏ ਤੇ ਉਥੇ ਵੀ ਕਟਰ ਨਾਲ ਜਿੰਦਰਾ ਵੱਢ ਕੇ ਦਫ਼ਤਰ ਦਾ ਚਾਰਜ ਸੰਭਾਲ ਲਿਆ। ਇਸ ਮੌਕੇ ਐੱਚ.ਸੀ.ਐੱਸ. ਅਧਿਕਾਰੀ ਗਗਨਦੀਪ ਸਿੰਘ, ਡੀ.ਐੱਸ.ਪੀ. ਰਾਮਦੱਤ ਨੈਨ ਤੇ ਨਾਇਬ ਤਹਿਸੀਲਦਾਰ ਅਭਿਮੰਨਿਊ ਤੋਂ ਇਲਾਵਾ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੁਲਿਸ ਫੋਰਸ ਤਾਇਨਾਤ ਸੀ। ਐੱਸ.ਜੀ.ਪੀ.ਸੀ. ਦੇ ਉਪ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਬਾ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਦਫ਼ਤਰ ਦਾ ਚਾਰਜ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸੰਭਾਲ ਲਿਆ ਹੈ। ਭਵਿੱਖ ਵਿਚ ਇਹ ਕਮੇਟੀ ਸਿੱਖ ਧਰਮ ਦਾ ਪ੍ਰਚਾਰ ਕਰੇਗੀ।
ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ। ਸਾਰੇ ਸੇਵਾਦਾਰਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਸੇਵਾਦਾਰਾਂ ਦੇ ਮੈਡੀਕਲ ਬੀਮੇ ਦਾ ਧਿਆਨ ਰੱਖਿਆ ਜਾਵੇਗਾ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਕਮੇਟੀ ਸਾਰੇ ਸੇਵਾਦਾਰਾਂ ਦੇ ਨਾਲ ਹੈ। ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੋਏਗੀ, ਤਾਂ ਉਸ ਨੂੰ ਦੂਰ ਕੀਤਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਕਮੇਟੀ ਦੇ ਆਗੂਆਂ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹਰਿਆਣਾ ਦੇ ਸਿੱਖ ਆਗੂਆਂ ਨੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਸ਼ਹਿ ‘ਤੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਦੀ ਗੋਲਕ ਨੂੰ ਜਬਰੀ ਆਪਣੇ ਜਿੰਦਰੇ ਲਾ ਦਿੱਤੇ ਹਨ, ਜਿਸ ਦੀ ਸ਼੍ਰੋਮਣੀ ਕਮੇਟੀ ਨਿੰਦਾ ਕਰਦੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖ ਗੁਰਦੁਆਰਾ ਐਕਟ 1925 ਤਹਿਤ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਕਰ ਰਹੀ ਹੈ, ਜਦਕਿ ਹਰਿਆਣਾ ਸਰਕਾਰ ਧੱਕੇ ਨਾਲ ਗੁਰਦੁਆਰਾ ਪ੍ਰਬੰਧਾਂ ਨੂੰ ਆਪਣੇ ਹੱਥਾਂ ਵਿਚ ਲੈਣਾ ਚਾਹੁੰਦੀ ਹੈ।

Leave a comment