#PUNJAB

ਹਰਿਆਣਾ ਕਮੇਟੀ ਮੈਂਬਰਾਂ ਵਿਚਾਲੇ ਕੁੜੱਤਣ ਬਰਕਰਾਰ

-ਮੁੱਖ ਮੰਤਰੀ ਖੱਟਰ ਵਲੋਂ ਇਕਜੁੱਟ ਹੋਣ ਦੀ ਸਲਾਹ ਰਹੀ ਬੇਨਤੀਜਾ
ਚੰਡੀਗੜ੍ਹ, 17 ਜੁਲਾਈ (ਪੰਜਾਬ ਮੇਲ)-ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 9ਵੇਂ ਸਥਾਪਨਾ ਦਿਵਸ ਮੌਕੇ ਕਮੇਟੀ ਦੇ ਮੁੱਖ ਦਫ਼ਤਰ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਕੁਰੂਕਸ਼ੇਤਰ ਵਿਖੇ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰਾਂ ਨੇ ਕਮੇਟੀ ਦੀ ਚੜ੍ਹਦੀ ਕਲਾ ਅਤੇ ਹੜ੍ਹ ਪੀੜਤਾਂ ਲਈ ਅਰਦਾਸ ਕੀਤੀ। ਭਾਵੇਂ ਕਿ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਮੇਟੀ ਮੈਂਬਰਾਂ ਨੂੰ ਇਕਜੁੱਟ ਹੋਣ ਦੀ ਸਲਾਹ ਦਿੱਤੀ ਸੀ ਪਰ ਮੈਂਬਰਾਂ ਵਿਚਕਾਰ ਕੁੜੱਤਣ ਅਜੇ ਵੀ ਬਰਕਰਾਰ ਹੈ। ਕਮੇਟੀ ਪ੍ਰਧਾਨ ਮਹੰਤ ਕਰਮਜੀਤ ਸਿੰਘ ਵਲੋਂ ਬਣਾਈਆਂ ਗਈਆਂ ਸਬ ਕਮੇਟੀਆਂ ਵਿਚੋਂ 15 ਮੈਂਬਰਾਂ ਨੇ ਅਸਤੀਫੇ ਦੇ ਦਿੱਤੇ। ਹੜ੍ਹਾਂ ਕਾਰਨ ਵੱਡੀ ਪੱਧਰ ‘ਤੇ ਮਨਾਏ ਜਾਣ ਵਾਲਾ ਸਥਾਪਨਾ ਦਿਵਸ ਸਮਾਗਮ ਸੀਮਤ ਕਰ ਦਿੱਤਾ ਗਿਆ, ਜਿਸ ਕਾਰਨ ਕੇਵਲ ਕਮੇਟੀ ਮੈਂਬਰਾਂ ਨੇ ਹੀ ਕੁਰੂਕਸ਼ੇਤਰ ਪੁੱਜ ਕੇ ਅਰਦਾਸ ਕੀਤੀ। ਸੰਘਰਸ਼ ਕਰਨ ਵਾਲੇ ਸਿੰਘਾਂ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ 15 ਮੈਂਬਰਾਂ ਨੇ ਹੜ੍ਹ ਪੀੜਤ ਇਲਾਕਿਆਂ ਵਿਚ ਜਾ ਕੇ ਗੁਰੂ ਦਾ ਲੰਗਰ ਹੱਥੀਂ ਵਰਤਾਉਣ ਦੀ ਸੇਵਾ ਕੀਤੀ। ਕਮੇਟੀ ਦੇ ਮੁੱਖ ਦਫ਼ਤਰ ਵਿਚ ਹਾਜ਼ਰ 15 ਮੈਂਬਰਾਂ ਨੇ ਮੀਟਿੰਗ ਕਰਕੇ ਸਰਬਸੰਮਤੀ ਨਾਲ ਪੰਜ ਗੁਰਮਤੇ ਪਾਸ ਕੀਤੇ। ਜਿਨ੍ਹਾਂ ‘ਚ ਕਮੇਟੀ ਦੇ ਪ੍ਰਬੰਧ ਵਿਚ ਹੋ ਰਹੀਆਂ ਬੇਨਿਯਮੀਆਂ ਨੂੰ ਰੋਕਣ ਅਤੇ ਹੜ੍ਹਾਂ ਕਾਰਨ ਬਣੇ ਹਾਲਾਤ ਨਾਲ ਨਜਿੱਠਣ ਲਈ ਜਰਨਲ ਹਾਊਸ ਦੇ ਸਮੂਹ ਮੈਂਬਰਾਂ ਦੇ ਸੁਝਾਅ ਲੈਣ ਲਈ 15 ਦਿਨਾਂ ਦੇ ਅੰਦਰ ਕਮੇਟੀ ਦਾ ਜਨਰਲ ਇਜਲਾਸ ਸੱਦਣ ਦੀ ਮੰਗ ਕੀਤੀ। ਦੂਜੇ ਮਤੇ ਵਿਚ ਅੰਤਿੰਗ ਕਮੇਟੀ ਦੀਆਂ 13 ਜੂਨ ਅਤੇ 21 ਜੂਨ ਨੂੰ ਹੋਈਆਂ ਮੀਟਿੰਗਾਂ ਵਿਚ ਕੀਤੇ ਫ਼ੈਸਲਿਆਂ ਦੇ ਉਲਟ ਜਾ ਕੇ ਕਮੇਟੀ ਪ੍ਰਧਾਨ ਮਹੰਤ ਕਰਮਜੀਤ ਸਿੰਘ ਵਲੋਂ ਮਨਮਰਜ਼ੀ ਨਾਲ ਬਣਾਈਆਂ ਸਬ ਕਮੇਟੀਆਂ ਤੋਂ ਹਾਜ਼ਰ ਸਮੂਹ ਮੈਂਬਰਾਂ ਨੇ ਅਸਤੀਫ਼ੇ ਦੇ ਦਿੱਤੇ ਪਰ ਹਰਿਆਣਾ ਕਮੇਟੀ ਗੁਰੂ ਘਰਾਂ ਦੀ ਸੇਵਾ ਲਈ ਪਹਿਲਾਂ ਦੀ ਤਰ੍ਹਾਂ ਤੱਤਪਰ ਰਹਿਣ ਦਾ ਅਹਿਦ ਲਿਆ। ਤੀਜੇ ਮਤੇ ਵਿਚ ਹੜ੍ਹ ਪੀੜਤਾਂ ਦੀ ਮਦਦ ਲਈ ਕਮੇਟੀ ਵਲੋਂ 5 ਕਰੋੜ ਦਾ ਬਜਟ ਖਰਚਣ ਲਈ ਸੁਝਾਅ ਦਿੱਤਾ ਗਿਆ। ਚੌਥੇ ਮਤੇ ਵਿਚ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਕਮੇਟੀ ਦੇ 50 ਏਕੜਾਂ ਵਿਚ ਝੋਨੇ ਦੀ ਪਨੀਰੀ ਲਗਾਉਣ ਦਾ ਸੁਝਾਅ ਦਿੱਤਾ ਗਿਆ। ਪੰਜਵੇਂ ਮਤੇ ਵਿਚ ਕਮੇਟੀ ਮੈਂਬਰ ਸਾਹਿਬਾਨਾਂ ਨੂੰ ਆਪਣੇ ਇਲਾਕੇ ਵਿਚ ਲੋੜਵੰਦ ਲੋਕਾਂ ਦੀ ਮੱਦਦ ਲਈ ਦਿਤੀ ਜਾਣ ਵਾਲੀ 2 ਲੱਖ ਗ੍ਰਾਂਟ ਨੂੰ ਵਧਾ ਕੇ 5 ਲੱਖ ਰੁ. ਸਾਲਾਨਾ ਕਰਨ ਦਾ ਸੁਝਾਅ ਦਿੱਤਾ ਗਿਆ। ਹਾਜ਼ਰ 15 ਮੈਂਬਰ ਸਾਹਿਬਾਨਾਂ ਅਤੇ 8 ਹੋਰ ਮੈਂਬਰ ਸਾਹਿਬਾਨਾਂ ਨੇ ਇਨ੍ਹਾਂ ਗੁਰਮਤਿਆਂ ਨੂੰ ਫੋਨ ‘ਤੇ ਸਹਿਮਤੀ ਦਿੱਤੀ। ਇਸ ਮੌਕੇ ਹਾਜ਼ਰ ਅਹੁਦੇਦਾਰ ਮੈਂਬਰ ਸਾਹਿਬਾਨਾਂ ਵਿਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਮੌਜੂਦਾ ਮੈਂਬਰ ਅਤੇ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ।

Leave a comment