#OTHERS

ਹਮਾਸ ਨੇ ਇਜ਼ਰਾਈਲ ਨੂੰ ਹਮਲੇ ਨਾ ਰੋਕਣ ‘ਤੇ ਬੰਧਕਾਂ ਦੀ ਹੱਤਿਆ ਕਰਨ ਦੀ ਦਿੱਤੀ ਧਮਕੀ

ਇਜ਼ਰਾਈਲ, 10 ਅਕਤੂਬਰ (ਪੰਜਾਬ ਮੇਲ)- ਹਮਾਸ ਵੱਲੋਂ ਕੀਤੇ ਗਏ ਹਮਲੇ ਮਗਰੋਂ ਇਜ਼ਰਾਈਲ ਨੇ ਵੀ ਉਸ ਦਾ ਮੂੰਹ ਤੋੜ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ। ਇਸ ‘ਤੇ ਹੁਣ ਕੱਟੜਪੰਥੀ ਸਮੂਹ ਹਮਾਸ ਨੇ ਧਮਕੀ ਦਿੱਤੀ ਹੈ ਕਿ ਜਦੋਂ-ਜਦੋਂ ਇਜ਼ਰਾਈਲ ਗਾਜ਼ਾ ਦੇ ਨਾਗਰਿਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ”ਬਿਨਾਂ ਕਿਸੇ ਅਗਾਊਂ ਚੇਤਾਵਨੀ” ਦੇ ਨਿਸ਼ਾਨਾ ਬਣਾਏਗਾ, ਤਾਂ ਉਹ ਇਕ ਇਜ਼ਰਾਈਲੀ ਬੰਧਕ ਨੂੰ ਮਾਰ ਦੇਣਗੇ।
ਕਾਸਮ ਬ੍ਰਿਗੇਡ ਦੇ ਬੁਲਾਰੇ ਅਬੂ ਓਬੈਦਾ ਨੇ ਸੋਮਵਾਰ ਰਾਤ ਨੂੰ ਜਾਰੀ ਇਕ ਆਡੀਓ ਸੰਦੇਸ਼ ਵਿਚ ਕਿਹਾ ਕਿ ਪਿਛਲੇ ਕੁਝ ਘੰਟਿਆਂ ਵਿਚ ਇਜ਼ਰਾਈਲ ਨੇ ਨਾਗਰਿਕ ਖੇਤਰਾਂ ‘ਤੇ ਭਿਆਨਕ ਹਮਲੇ ਕੀਤੇ ਅਤੇ ਇਨ੍ਹਾਂ ਹਮਲਿਆਂ ਵਿਚ ਲੋਕਾਂ ਦੇ ਘਰ ਤਬਾਹ ਹੋ ਗਏ। ਉਨ੍ਹਾਂ ਕਿਹਾ, ”ਅਸੀਂ ਇਸ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਹੁਣ ਅਸੀਂ ਐਲਾਨ ਕਰਦੇ ਹਾਂ ਕਿ ਜਦੋਂ-ਜਦੋਂ ਵੀ ਸਾਡੇ ਲੋਕਾਂ ਨੂੰ ਬਿਨਾਂ ਕਿਸੇ ਚਿਤਾਵਨੀ ਦੇ ਉਨ੍ਹਾਂ ਦੇ ਘਰਾਂ ‘ਤੇ ਨਿਸ਼ਾਨਾ ਬਣਾਇਆ ਜਾਵੇਗਾ, ਉਦੋਂ-ਉਦੋਂ ਸਾਡੇ ਵੱਲੋਂ ਬੰਧਕ ਬਣਾਏ ਗਏ ਨਾਗਰਿਕਾਂ ‘ਚੋਂ ਕਿਸੇ ਵੀ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ।
ਉੱਧਰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਹਮਾਸ ਦੁਆਰਾ ਅਚਾਨਕ ਕੀਤੇ ਗਏ ਹਮਲੇ ਦੇ ਜਵਾਬ ਵਿਚ ਗਾਜ਼ਾ ਪੱਟੀ ‘ਤੇ ਇਜ਼ਰਾਈਲ ਦਾ ਵੱਡਾ ਹਮਲਾ ਅਜੇ ਸ਼ੁਰੂ ਹੀ ਹੋਇਆ ਹੈ। ਆਉਣ ਵਾਲੇ ਦਿਨਾਂ ਵਿਚ ਅਸੀਂ ਆਪਣੇ ਦੁਸ਼ਮਣਾਂ ਨਾਲ ਜੋ ਵੀ ਕਰਾਂਗੇ, ਉਸ ਦੀ ਗੂੰਜ ਕਈ ਪੀੜ੍ਹੀਆਂ ਤੱਕ ਸੁਣਾਈ ਦੇਵੇਗੀ। ਬੈਂਜਾਮਿਨ ਨੇਤਨਯਾਹੂ ਨੇ ਸੋਮਵਾਰ ਨੂੰ ਕਿਹਾ ਕਿ ਅੱਤਵਾਦੀ ਸੰਗਠਨ ਹਮਾਸ ਦੇ ਹਮਲੇ ‘ਤੇ ਇਜ਼ਰਾਈਲ ਦਾ ਜਵਾਬ ‘ਮੱਧ ਪੂਰਬ’ ਨੂੰ ਬਦਲ ਦੇਵੇਗਾ। ਨਾਲ ਹੀ ਉਨ੍ਹਾਂ ਭਰੋਸਾ ਜਤਾਇਆ ਕਿ ਇਜ਼ਰਾਈਲ ਇਸ ਜੰਗ ਨੂੰ ਜਿੱਤ ਲਵੇਗਾ।

Leave a comment