ਲੁਧਿਆਣਾ, 26 ਜੁਲਾਈ (ਪੰਜਾਬ ਮੇਲ)- ‘ਵਿਸ਼ਵ ਪੰਜਾਬਣ’ ਦਾ ਵੱਕਾਰੀ ਮੁਕਾਬਲਾ ਕਰਾਉਣ ਵਾਲੀ ਨਾਮੀ ਸੰਸਥਾ ਸੱਭਿਆਚਾਰਕ ਸੱਥ ਪੰਜਾਬ ਵੱਲੋਂ ਸੱਥ ਦੇ ਦਫ਼ਤਰ ਵਿਚ ਉੱਘੇ ਫਿਲਮ ਕਲਾਕਾਰ ਹੌਬੀ ਧਾਲੀਵਾਲ ਦਾ ਸਨਮਾਨ ਕੀਤਾ ਗਿਆ। ਸੰਖੇਪ ਪਰ ਪ੍ਰਭਾਵਸਾਲੀ ਸਨਮਾਨ ਸਮਾਗਮ ਵਿਚ ਸੱਭਿਆਚਾਰ ਅਤੇ ਸਾਹਿਤ ਨਾਲ ਜੁੜੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਨੇ ਮਾਹੌਲ ਨੂੰ ਰੰਗੀਨ ਬਣਾ ਦਿੱਤਾ। ਇਸ ਸਮੇਂ ਹੌਬੀ ਧਾਲੀਵਾਲ ਨੂੰ ਸੱਥ ਵੱਲੋਂ ਖੂਬਸੂਰਤ ਯਾਦਗਾਰੀ ਚਿੰਨ੍ਹ ਅਤੇ ਫੁਲਕਾਰੀ ਪ੍ਰਦਾਨ ਕੀਤੇ ਗਏ।
ਸੱਭਿਆਚਾਰਕ ਸੱਥ ਦੇ ਚੇਅਰਮੈਨ ਸਰਦਾਰ ਜਸਮੇਰ ਸਿੰਘ ਢੱਟ ਨੇ ਆਪਣੇ ਸਵਾਗਤੀ ਸ਼ਬਦਾਂ ਨਾਲ ਹੌਬੀ ਧਾਲੀਵਾਲ ਨੂੰ ਸਿਰਫ ਪੰਜਾਬੀਆਂ ਦਾ ਚਹੇਤਾ ਕਲਾਕਾਰ ਹੀ ਨਹੀਂ, ਸਗੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬਰਦਾਰ ਐਲਾਨਿਆ। ਉਨ੍ਹਾਂ ਕਿਹਾ ਕਿ ਧਾਲੀਵਾਲ ਦੀ ਸ਼ਮੂਲੀਅਤ ਵਾਲੀ ਫਿਲਮ ਪੰਜਾਬੀਆਂ ਦੇ ਰੋਹਬਦਾਰ ਅਤੇ ਦਮਦਾਰ ਕਿਰਦਾਰਾਂ ਦੀ ਝਲਕ ਨਜ਼ਰੀਂ ਪੈਂਦੀ ਹੈ। ਸੱਥ ਦੇ ਸਕੱਤਰ ਜਨਰਲ ਉਘੇ ਰੰਗਕਰਮੀ ਡਾ. ਨਿਰਮਲ ਜੌੜਾ ਨੇ ਹੌਬੀ ਧਾਲੀਵਾਲ ਦੀ ਲੰਮੀ ਫਿਲਮੀ ਪਾਰੀ ਨਾਲ ਜੁੜੇ ਮੁੱਦਿਆਂ ਦਾ ਬਾਤ ਪਾਈ। ਉਨ੍ਹਾਂ ਪੰਜਾਬੀ ਫਿਲਮਾਂ ਨੂੰ ਫਿਰ ਤੋਂ ਸਨਮਾਨਜਨਕ ਪਾਏਦਾਨ ‘ਤੇ ਪਹੁੰਚਾਉਣ ਲਈ ਧਾਲੀਵਾਲ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਸਮਾਗਮ ਵਿਚ ਕੈਨੇਡਾ ਦੇ ਕੈਲਗਰੀ ਤੋਂ ਉੱਘੇ ਮੀਡੀਆ ਕਰਮੀ ਕੁਮਾਰ ਸ਼ਰਮਾਂ ਅਤੇ ਐਡਮਿੰਟਨ ਤੋਂ ਵੱਡੇ ਖੇਡ ਪ੍ਰੋਮੋਟਰ ਇੰਦਰਜੀਤ ਮੁੱਲਾਂਪੁਰ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਹੌਬੀ ਧਾਲੀਵਾਲ ਨੇ ਆਪਣੇ ਸੰਬੋਧਨ ਵਿਚ ਸੱਥ ਵੱਲੋਂ ਕਰਵਾਏ ਜਾਂਦੇ ਮਿਸ ਵਰਲਡ ਪੰਜਾਬਣ ਮੁਕਾਬਲਿਆਂ ਦੀ ਭਰਵੀਂ ਪ੍ਰਸ਼ੰਸਾ ਕੀਤੀ ਅਤੇ ਮਹਿਸੂਸ ਕੀਤਾ ਕਿ ਅਜੋਕੇ ਸਮੇਂ ਵਿਚ ਇਸ ਤਰ੍ਹਾਂ ਦੇ ਮੁਕਾਬਲੇ ਕਰਾਉਣੇ ਬਹੁਤ ਚੁਣੌਤੀਆਂ ਭਰਪੂਰ ਕਾਰਜ ਹਨ। ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਇਹ ਵਿਲੱਖਣ ਮੁਕਾਬਲਾ ਕਰਵਾਉਣਾ ਸ. ਢੱਟ ਦੇ ਦ੍ਰਿੜ੍ਹ ਇਰਾਦੇ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਜਨੂੰਨ ਦਾ ਇਜ਼ਹਾਰ ਹੈ। ਉਨ੍ਹਾਂ ਆਪਣੇ ਛੁਪੇ ਗੁਣ ਨੂੰ ਉਜਾਗਰ ਕਰਦਿਆਂ ਦੋ ਗੀਤ ਗਾ ਕੇ ਹਾਜ਼ਰੀਨ ਨੂੰ ਮੰਤਰ-ਮੁਗਧ ਕਰ ਦਿੱਤਾ।
ਧੰਨਵਾਦੀ ਸ਼ਬਦ ਜਗਜੀਤ ਸਿੰਘ ਲੋਹਟਬੱਦੀ ਨੇ ਕਹੇ। ਉਨ੍ਹਾਂ ਹੌਬੀ ਧਾਲੀਵਾਲ ਅਤੇ ਵਿਦੇਸ਼ਾਂ ਤੋਂ ਪਹੰਚੇ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਦੱਸਿਆ ਕਿ ਧਾਲੀਵਾਲ ਨੂੰ ਸਨਮਾਨਿਤ ਕਰਕੇ ਸੱਥ ਮਾਣ ਮਹਿਸੂਸ ਕਰ ਰਹੀ ਹੈ। ਇਸ ਸਮੇਂ ਕੁਮਾਰ ਸ਼ਰਮਾ, ਇੰਦਰਜੀਤ ਮੁੱਲਾਂਪੁਰ ਤੋਂ ਇਲਾਵਾ ਸ. ਜਤਿੰਦਰਪਾਲ ਸਿੰਘ ਹੈਪੀ, ਰਿਸ਼ੀ ਇੰਡਸਟਰੀਜ਼ ਦੇ ਮਾਲਕ ਜਸਵਿੰਦਰ ਰਿਸ਼ੀ, ਗੁਰਮਿੰਦਰ ਸਿੰਘ ਟਿੱਕਾ, ਉੱਘੇ ਕਾਰੋਬਾਰੀ ਸੈਮੀ ਉਬਰਾਏ ਅਤੇ ਹੋਰ ਪਤਵੰਤੇ ਹਾਜ਼ਰ ਸਨ।