13.2 C
Sacramento
Thursday, June 1, 2023
spot_img

ਸੰਸਦ ‘ਚ ਸਨੀ ਦਿਓਲ ਅਤੇ ਸੁਖਬੀਰ ਬਾਦਲ ਦੀ ਹਾਜ਼ਰੀ ਸਭ ਤੋਂ ਘੱਟ

ਚੰਡੀਗੜ੍ਹ, 8 ਅਪ੍ਰੈਲ (ਪੰਜਾਬ ਮੇਲ)- ਪਾਰਲੀਮੈਂਟ ‘ਚ ਬੀਤੇ ਬਜਟ ਸੈਸ਼ਨ ਦੌਰਾਨ ਲੋਕ ਸਭਾ ਮੈਂਬਰਾਂ ਵਿਚੋਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਅਦਾਕਾਰ ਸਨੀ ਦਿਓਲ ਦੀ ਹਾਜ਼ਰੀ ਸਭ ਤੋਂ ਘੱਟ ਰਹੀ। ਦੂਜੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਰਹੇ ਹਨ। ਬੇਸ਼ੱਕ ਅਕਾਲੀ ਦਲ ਅਤੇ ਭਾਜਪਾ ਦੇ ਸਿਆਸੀ ਰਾਹ ਹੁਣ ਵੱਖ-ਵੱਖ ਹਨ ਪ੍ਰੰਤੂ ਸੰਸਦ ਵਿਚ ਸਨੀ ਦਿਓਲ ਤੇ ਸੁਖਬੀਰ ਬਾਦਲ ਦੀ ਹਾਜ਼ਰੀ ਵਾਲੀ ਸੁਰ ਇੱਕੋ ਰਹੀ ਹੈ। ਭਾਜਪਾ ਐੱਮ.ਪੀ. ਸਨੀ ਦਿਓਲ ਦੀ ਹੁਣ ਤੱਕ ਸਮੁੱਚੀ ਹਾਜ਼ਰੀ ਸਿਰਫ਼ 20 ਫ਼ੀਸਦੀ ਹੀ ਰਹੀ ਹੈ। ਪਾਰਲੀਮੈਂਟ ਦਾ ਬਜਟ ਸੈਸ਼ਨ 31 ਜਨਵਰੀ ਨੂੰ ਸ਼ੁਰੂ ਹੋਇਆ ਅਤੇ 6 ਅਪ੍ਰੈਲ ਨੂੰ ਖ਼ਤਮ ਹੋਇਆ ਹੈ। ਇਸ ਸੈਸ਼ਨ ਦੌਰਾਨ 23 ਬੈਠਕਾਂ ਹੋਈਆਂ ਹਨ। ਸਨੀ ਦਿਓਲ ਨੇ ਸਿਰਫ਼ ਦੋ ਦਿਨ ਹੀ ਹਾਜ਼ਰੀ ਭਰੀ ਹੈ, ਜਦੋਂਕਿ ਉਹ 21 ਦਿਨ ਗ਼ੈਰਹਾਜ਼ਰ ਰਹੇ। ਸਨੀ ਚੋਣ ਜਿੱਤਣ ਮਗਰੋਂ ਆਪਣੇ ਹਲਕੇ ਗੁਰਦਾਸਪੁਰ ਵਿਚੋਂ ਵੀ ਗ਼ੈਰਹਾਜ਼ਰ ਚੱਲੇ ਆ ਰਹੇ ਹਨ ਅਤੇ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਇਸ਼ਤਿਹਾਰ ਵੀ ਲੱਗ ਚੁੱਕੇ ਹਨ। ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਨੇ ਕੇਵਲ ਚਾਰ ਦਿਨ ਹੀ ਪਾਰਲੀਮੈਂਟ ਵਿਚ ਪੈਰ ਪਾਇਆ ਅਤੇ ਉਹ 19 ਦਿਨ ਗ਼ੈਰਹਾਜ਼ਰ ਰਹੇ ਹਨ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਐਤਕੀਂ ਸੰਸਦ ਵਿਚ 15 ਦਿਨ ਹਾਜ਼ਰ ਰਹੇ ਹਨ ਅਤੇ ਅੱਠ ਦਿਨ ਉਨ੍ਹਾਂ ਦੀ ਗ਼ੈਰਹਾਜ਼ਰੀ ਰਹੀ ਹੈ। ਕਾਂਗਰਸੀ ਸੰਸਦ ਮੈਂਬਰ ਇਸ ਮਾਮਲੇ ‘ਚ ਮੋਹਰੀ ਰਹੇ ਹਨ। ਜਲੰਧਰ ਹਲਕੇ ਦੀ ਨੁਮਾਇੰਦਗੀ ਚੌਧਰੀ ਸੰਤੋਖ ਸਿੰਘ ਦੀ ਮੌਤ ਹੋਣ ਕਰ ਕੇ ਨਹੀਂ ਰਹੀ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਰਵਨੀਤ ਬਿੱਟੂ, ਡਾ. ਅਮਰ ਸਿੰਘ ਅਤੇ ਗੁਰਜੀਤ ਸਿੰਘ ਔਜਲਾ ਦੀ ਬਜਟ ਸੈਸ਼ਨ ਦੌਰਾਨ ਹਾਜ਼ਰੀ ਸੌ ਫ਼ੀਸਦੀ ਰਹੀ ਹੈ, ਜਦੋਂਕਿ ਪ੍ਰਨੀਤ ਕੌਰ ਸੰਸਦ ਵਿਚ ਇੱਕ ਦਿਨ ਗ਼ੈਰਹਾਜ਼ਰ ਰਹੇ ਹਨ। ਫ਼ਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦੀ 14 ਦਿਨ ਬਜਟ ਸੈਸ਼ਨ ਵਿਚ ਹਾਜ਼ਰੀ ਰਹੀ ਹੈ। ਕਾਂਗਰਸ ਦੇ ਜਸਵੀਰ ਡਿੰਪਾ ਵੀ 20 ਦਿਨ ਹਾਜ਼ਰ ਰਹੇ ਹਨ। ਅਕਾਲੀ ਦਲ (ਅੰਮ੍ਰਿਤਸਰ) ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ 20 ਦਿਨ ਸੰਸਦ ਵਿਚ ਹਾਜ਼ਰ ਰਹੇ ਅਤੇ ਤਿੰਨ ਦਿਨ ਗ਼ੈਰਹਾਜ਼ਰ ਰਹੇ। ਬਜਟ ਸੈਸ਼ਨ ਇਸ ਵਾਰ ਦੋ ਪੜਾਵਾਂ ਵਿਚ ਚੱਲਿਆ ਹੈ। ਇਸੇ ਤਰ੍ਹਾਂ ਰਾਜ ਸਭਾ ਮੈਂਬਰਾਂ ਦੀ ਹਾਜ਼ਰੀ ਨੂੰ ਘੋਖੀਏ ਤਾਂ ‘ਆਪ’ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਸੈਸ਼ਨ ਦੌਰਾਨ ਨਜ਼ਰ ਨਹੀਂ ਆਏ। ਉਨ੍ਹਾਂ ਨੇ ਸੈਸ਼ਨ ਦੌਰਾਨ ਛੁੱਟੀ ਲਈ ਹੋਈ ਸੀ। ਐੱਮ.ਪੀ. ਵਿਕਰਮਜੀਤ ਸਿੰਘ ਸਾਹਨੀ ਨੇ ਵੀ ਛੇ ਦਿਨ ਹੀ ਹਾਜ਼ਰੀ ਭਰੀ। ਰਾਜ ਸਭਾ ਦੀਆਂ ਬਜਟ ਸੈਸ਼ਨ ਦੌਰਾਨ 25 ਬੈਠਕਾਂ ਹੋਈਆਂ ਹਨ। ‘ਆਪ’ ਸੰਸਦ ਮੈਂਬਰ ਸੰਦੀਪ ਪਾਠਕ ਵੀ ਬਜਟ ਸੈਸ਼ਨ ਵਿਚੋਂ 11 ਦਿਨ ਗ਼ੈਰਹਾਜ਼ਰ ਰਹੇ ਹਨ ਅਤੇ ਡਾ. ਅਸ਼ੋਕ ਕੁਮਾਰ ਮਿੱਤਲ ਦੀ ਹਾਜ਼ਰੀ 15 ਦਿਨਾਂ ਦੀ ਰਹੀ ਹੈ। ਐੱਮ.ਪੀ. ਸੰਤ ਬਲਬੀਰ ਸਿੰਘ ਸੀਚੇਵਾਲ ਨੇ 15 ਦਿਨ ਹਾਜ਼ਰੀ ਭਰੀ ਅਤੇ ਉਹ 10 ਦਿਨ ਗ਼ੈਰਹਾਜ਼ਰ ਰਹੇ ਹਨ। ‘ਆਪ’ ਮੈਂਬਰਾਂ ਵਿਚੋਂ ਸਭ ਤੋਂ ਵੱਧ ਹਾਜ਼ਰੀ ਰਾਘਵ ਚੱਢਾ ਦੀ ਰਹੀ, ਜੋ 21 ਦਿਨ ਹਾਜ਼ਰ ਰਹੇ ਹਨ ਅਤੇ ਇਸੇ ਤਰ੍ਹਾਂ ਸੰਜੀਵ ਅਰੋੜਾ 19 ਦਿਨ ਹਾਜ਼ਰ ਰਹੇ ਹਨ।
ਸਵਾਲ ਪੁੱਛਣ ਦੇ ਮਾਮਲੇ ਵਿਚ ‘ਆਪ’ ਸੰਸਦ ਮੈਂਬਰ ਅੱਗੇ ਰਹੇ ਹਨ। ਸੰਸਦ ਮੈਂਬਰ ਰਾਘਵ ਚੱਢਾ ਨੇ 116 ਸਵਾਲ, ਡਾ. ਅਸ਼ੋਕ ਕੁਮਾਰ ਮਿੱਤਲ ਨੇ 110 ਸਵਾਲ, ਸੰਜੀਵ ਅਰੋੜਾ ਨੇ 73 ਸਵਾਲ, ਹਰਭਜਨ ਸਿੰਘ ਨੇ 70 ਅਤੇ ਇਸੇ ਤਰ੍ਹਾਂ ਵਿਕਰਮਜੀਤ ਸਿੰਘ ਸਾਹਨੀ ਨੇ ਵੀ 70 ਸਵਾਲ ਪੁੱਛੇ ਹਨ। ਸੰਤ ਬਲਬੀਰ ਸਿੰਘ ਨੇ ਸਭ ਤੋਂ ਘੱਟ 19 ਸਵਾਲ ਹੀ ਪੁੱਛੇ ਹਨ।

Related Articles

Stay Connected

0FansLike
3,790FollowersFollow
20,800SubscribersSubscribe
- Advertisement -spot_img

Latest Articles