#OTHERS

ਸੰਯੁਕਤ ਰਾਸ਼ਟਰ ‘ਚ ਭਾਰਤੀ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਸੰਭਾਲਿਆ ਅਹਿਮ ਅਹੁਦਾ

ਜੇਨੇਵਾ, 29 ਜੁਲਾਈ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ‘ਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ ਸਮਾਜਿਕ ਵਿਕਾਸ ਕਮਿਸ਼ਨ ਦੇ 62ਵੇਂ ਸੈਸ਼ਨ ਦੀ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਤੋਂ ਬਾਅਦ ਕੰਬੋਜ ਨੇ ਕਿਹਾ ਕਿ ਭਾਰਤ ਇਸ ਦਾ ਮੁਖੀ ਬਣ ਕੇ ਮਾਣ ਮਹਿਸੂਸ ਕਰ ਰਿਹਾ ਹੈ ਅਤੇ ਉਹ ਵਿਸ਼ਵ ਭਾਈਚਾਰੇ ਦੀ ਭਲਾਈ ਅਤੇ ਖੁਸ਼ਹਾਲੀ ਲਈ ਤਨਦੇਹੀ ਨਾਲ ਕੰਮ ਕਰਨ ਲਈ ਆਪਣੇ ਮੂਲ ਸਿਧਾਂਤਾਂ ਨਾਲ ਅਗਵਾਈ ਕਰਨ ਦੀ ਵਚਨਬੱਧਤਾ ‘ਤੇ ਦ੍ਰਿੜ੍ਹ ਹੈ।
ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਮਿਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਕੰਬੋਜ ਦੀ ਭੂਮਿਕਾ ਸਮਾਜਿਕ ਵਿਕਾਸ ਦੇ ਮਾਮਲਿਆਂ ਨਾਲ ਸਬੰਧਤ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਹੈ। ਸਥਾਈ ਮਿਸ਼ਨ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਾਲ 15 ਫਰਵਰੀ ਨੂੰ ਸਮਾਜਿਕ ਵਿਕਾਸ ਕਮਿਸ਼ਨ ਦੇ 62ਵੇਂ ਸੈਸ਼ਨ ਦੇ ਪ੍ਰਧਾਨ ਵਜੋਂ ਭਾਰਤ ਦੀ ਚੋਣ ਇਕ ਮਹੱਤਵਪੂਰਨ ਮੌਕਾ ਹੈ, ਕਿਉਂਕਿ 1975 ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਭਾਰਤ ਨੇ ਸਮਾਜਿਕ ਵਿਕਾਸ ਕਮਿਸ਼ਨ ਦੇ ਅੰਦਰ ਇਹ ਅਹੁਦਾ ਸੰਭਾਲਿਆ ਹੈ।

Leave a comment