#AMERICA

ਸੰਨੀ ਧਾਲੀਵਾਲ ਲੜਨਗੇ ਕਾਊਂਟੀ ਸੁਪਰਵਾਈਜ਼ਰ ਦੀ ਚੋਣ

ਸਾਨ ਫਰਾਂਸਿਸਕੋ, 30 ਮਾਰਚ (ਪੰਜਾਬ ਮੇਲ)- ਕੈਲੀਫੋਰਨੀਆ ਦੇ ਸ਼ਹਿਰ ਲੈਥਰੌਪ ‘ਚ ਲਗਾਤਾਰ ਛੇ ਵਾਰ ਮੇਅਰ ਬਣ ਕੇ ਰਿਕਾਰਡ ਕਾਇਮ ਕਰਨ ਵਾਲੇ ਪੰਜਾਬੀ ਸਿਆਸਤਦਾਨ ਸੰਨੀ ਧਾਲੀਵਾਲ ਨੇ ਹੁਣ ਸੈਨਵਾਕੀਨ ਕਾਊਂਟੀ ਦੇ ਸੁਪਰਵਾਈਜ਼ਰ ਵਜੋਂ ਚੋਣ ਲੜਨ ਦਾ ਫ਼ੈਸਲਾ ਲਿਆ ਹੈ। ਟਰੇਸੀ ਦੇ ਨਿਰਵਾਣਾ ਬੈਂਕੁਇਟ ਹਾਲ ‘ਚ ਹੋਏ ਭਾਰਤੀ ਅਤੇ ਅਮਰੀਕਨ ਭਾਈਚਾਰੇ ਦੇ ਲੋਕਾਂ ਦੇ ਵੱਡੇ ਇਕੱਠ ਨੇ ਇਸ ਮਿਹਨਤੀ ਸਿਆਸਤਦਾਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਜਤਾਇਆ। ਇਸ ਮੌਕੇ ‘ਤੇ ਉਨ੍ਹਾਂ ਦੀ ਚੋਣ ਮੁਹਿੰਮ ਲਈ ਫੰਡ ਵੀ ਇਕੱਤਰ ਕੀਤਾ ਗਿਆ। ਸੰਨੀ ਧਾਲੀਵਾਲ ਨੇ ਇਸ ਮੌਕੇ ਬੋਲਦਿਆਂ ਕਿ ਉਹ ਵੀ ਆਮ ਪੰਜਾਬੀਆਂ ਵਾਂਗ ਅਮਰੀਕਾ ਦੀ ਧਰਤੀ ‘ਤੇ ਚੰਗੀ ਜ਼ਿੰਦਗੀ ਜਿਊਣ ਦੇ ਸੁਪਨੇ ਲੈ ਕੇ ਆਏ ਸਨ, ਪਰ ਜਿਸ ਤਰ੍ਹਾਂ ਦਾ ਪਿਆਰ ਇਥੇ ਆ ਕੇ ਮਿਲਿਆ ਤੇ ਮੈਂ ਲੈਥਰੌਪ ਵਰਗੇ ਸ਼ਹਿਰ ਨੂੰ ਖ਼ੂਬਸੂਰਤ ਅਤੇ ਖੁਸ਼ਹਾਲ ਬਣਾਉਣ ‘ਚ ਸਫ਼ਲ ਹੋਇਆ ਹਾਂ। ਉਹ ਵਾਅਦਾ ਕਰਦੇ ਹਨ ਉਹ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਨਾਲ ਕੰਮ ਕਰ ਕੇ ਦਿਖਾਉਣਗੇ। ਸਮਾਗਮ ਨੂੰ ਜੱਸ ਸੰਘਾ, ਕਾਊਂਟੀ ਸੁਪਰਵਾਈਜ਼ਰ ਰੌਬਰਟ ਰਿਕਮੈਨ, ਸਟੇਟ ਅਸੈਂਬਲੀ ਮੈਂਬਰ ਬੀਆਪੁਦੂਆ, ਮਾਈਕ ਹੋਠੀ, ਲੈਥਰੌਪ ਦੇ ਸਾਬਕਾ ਮੇਅਰ ਗਲੋਰੀਆਨਾ ਰਹੂਡਸ, ਕੈਥੀ ਹੋਨੇ, ਰਣਜੀਤ ਗਿੱਲ, ਜੋਏ ਜੌਹਲ, ਮਨਦੀਪ ਭੁੱਲਰ ਆਦਿ ਨੇ ਵੀ ਸੰਬੋਧਨ ਕੀਤਾ। ਸੁਖਮਿੰਦਰ ਸਿੰਘ ਉਰਫ਼ ਸਨੀ ਧਾਲੀਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਦੇ ਨਜ਼ਦੀਕ ਪਿੰਡ ਲੰਗੇਰੀ ਦੇ ਜੰਮਪਲ ਹਨ। ਇਸ ਪ੍ਰੋਗਰਾਮ ਦਾ ਸੰਚਾਲਨ ਡਾ. ਗੁਰਪ੍ਰੀਤ ਸਿੰਘ ਧੁੱਗਾ ਨੇ ਕੀਤਾ।

Leave a comment