#INDIA

ਸੰਜੈ ਸਿੰਘ ਵੱਲੋਂ ਈ.ਡੀ. ਮੁਖੀ ਤੇ ਸਹਾਇਕ ਡਾਇਰੈਕਟਰ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਪ੍ਰਵਾਨਗੀ ਦੀ ਮੰਗ

ਨਵੀਂ ਦਿੱਲੀ, 4 ਮਈ (ਪੰਜਾਬ ਮੇਲ)-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕੇਂਦਰੀ ਵਿੱਤ ਸਕੱਤਰ ਨੂੰ ਪੱਤਰ ਲਿਖ ਕੇ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਮੁਖੀ ਸੰਜੇ ਕੁਮਾਰ ਮਿਸ਼ਰਾ ਅਤੇ ਸਹਾਇਕ ਡਾਇਰੈਕਟਰ ਜੋਗੇਂਦਰ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਪ੍ਰਵਾਨਗੀ ਮੰਗੀ ਹੈ। ਜ਼ਿਕਰਯੋਗ ਹੈ ਕਿ ਸੰਜੈ ਸਿੰਘ ਮੁਤਾਬਕ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਉਸ ਬਾਰੇ ਗਲਤ ਦਾਅਵੇ ਕੀਤੇ ਗਏ ਹਨ ਤੇ ਉਸ ਨੂੰ ਬਦਨਾਮ ਕੀਤਾ ਗਿਆ ਹੈ। ਇਸ ਘਪਲੇ ਦੀ ਜਾਂਚ ਈ.ਡੀ. ਵੱਲੋਂ ਕੀਤੀ ਜਾ ਰਹੀ ਹੈ। ਈ.ਡੀ. ਨੇ 20 ਅਪ੍ਰੈਲ ਨੂੰ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿਚ ਕਿਹਾ ਸੀ ਕਿ ਘਪਲੇ ਸਬੰਧੀ ਚਾਰਜਸ਼ੀਟ ਵਿਚ ਸੰਜੈ ਸਿੰਘ ਦਾ ਨਾਂ ਗਲਤੀ ਨਾਲ ਸ਼ਾਮਲ ਹੋ ਗਿਆ ਹੈ ਤੇ ਇਸ ਨੂੰ ਦਰੁਸਤ ਕੀਤਾ ਜਾਵੇਗਾ। ਈ.ਡੀ. ਦੇ ਸੂਤਰਾਂ ਅਨੁਸਾਰ ਚਾਰਜਸ਼ੀਟ ਵਿਚ ਸੰਜੈ ਸਿੰਘ ਦਾ ਨਾਂ ਚਾਰ ਵਾਰ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਵਿਚੋਂ ਇਕ ਰੈਫਰੈਂਸ ਗਲਤ ਹੈ ਤੇ ਰਾਹੁਲ ਸਿੰਘ ਦੀ ਥਾਂ ਸੰਜੈ ਸਿੰਘ ਦਾ ਨਾਂ ਗਲਤੀ ਨਾਲ ਟਾਈਪ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਜਦੋਂ ਦਿੱਲੀ ਆਬਕਾਰੀ ਨੀਤੀ ਤਿਆਰ ਕੀਤੀ ਗਈ ਸੀ ਤਾਂ ਰਾਹੁਲ ਸਿੰਘ ਦਿੱਲੀ ਦੇ ਆਬਕਾਰੀ ਕਮਿਸ਼ਨਰ ਸਨ।

Leave a comment