23.3 C
Sacramento
Sunday, May 28, 2023
spot_img

ਸ੍ਰੀ ਦਰਬਾਰ ਸਾਹਿਬ ਦੇ ਰਸਤੇ `ਤੇ ਹੋਏ ਧਮਾਕਿਆਂ ਦੀ ਡੂੰਘਾਈ ਨਾਲ ਜਾਂਚ ਕਰਕੇ ਸੱਚ ਸਾਹਮਣੇ ਲਿਆਵੇ ਪੁਲਿਸ ਪ੍ਰਸ਼ਾਸ਼ਨ- ਐਡਵੋਕੇਟ ਧਾਮੀ

ਅੰਮ੍ਰਿਤਸਰ, 8 ਮਈ (ਪੰਜਾਬ ਮੇਲ)- ਸ੍ਰੀ ਅੰਮ੍ਰਿਤਸਰ ਅੰਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਵਿਰਾਸਤੀ ਮਾਰਗ ਉੱਤੇ ਹੋਏ ਦੋ ਧਮਾਕਿਆਂ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਇਸ ਮਾਮਲੇ ਦੀ ਸੰਜੀਦਗੀ ਨਾਲ ਮੁਕੰਮਲ ਜਾਂਚ ਕਰਕੇ ਸੱਚ ਸਾਹਮਣੇ ਲਿਆਵੇ, ਤਾਂ ਜੋ ਸ਼ਰਧਾਲੂ ਭੈ ਮੁਕਤ ਹੋ ਕੇ ਸ਼ਰਧਾ ਪ੍ਰਗਟਾਅ ਸਕਣ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਜਿੱਥੇ ਇਕ ਪਾਸੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨਤਮਸਤਕ ਹੋਣ ਆਉਂਦੀ ਹੈ, ਉੱਥੇ ਹੀ ਦੇਸ਼ ਦੁਨੀਆ ਤੋਂ ਵੱਖ-ਵੱਖ ਧਰਮਾਂ, ਫਿਰਕਿਆਂ ਅਤੇ ਵਰਗਾਂ ਦੇ ਲੋਕ ਵੀ ਇੱਥੇ ਪੁੱਜਦੇ ਹਨ। ਉਨ੍ਹਾਂ ਕਿਹਾ ਕਿ ਦੋ ਦਿਨਾਂ ਅੰਦਰ ਵਾਪਰੀਆਂ ਧਮਾਕੇ ਦੀ ਘਟਨਾਵਾਂ ਨਾਲ ਦੇਸ਼ ਦੁਨੀਆ ਤੋਂ ਅੰਮ੍ਰਿਤਸਰ ਪੁੱਜਦੇ ਲੋਕਾਂ ਅਤੇ ਸੰਗਤ ਦੇ ਮਨਾਂ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਅਤੇ ਸਵਾਲਾਂ ਦੇ ਨਾਲ-ਨਾਲ ਡਰ ਭੈਅ ਵੀ ਪੈਦਾ ਹੋਇਆ ਹੈ, ਜਿਸ ਬਾਰੇ ਪੰਜਾਬ ਸਰਕਾਰ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਇਨ੍ਹਾਂ ਘਟਨਾਵਾਂ ਦਾ ਪਰਦਾਫਾਸ਼ ਕਰਕੇ ਸੰਗਤ ਅਤੇ ਅੰਮ੍ਰਿਤਸਰ ਪੁੱਜਦੇ ਲੋਕਾਂ ਨੂੰ ਭੈਅ ਮੁਕਤ ਕਰਕੇ ਆਉਣ ਲਈ ਮਾਹੌਲ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਲੋੜ ਪੈਣ ਉੱਤੇ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਕਰਨ ਨੂੰ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਪੁਲਿਸ ਪ੍ਰਸ਼ਾਸ਼ਨ ਇਨ੍ਹਾਂ ਘਟਨਾਵਾਂ ਦੀ ਪਹਿਲਾਂ ਹੀ ਜਾਂਚ ਕਰ ਰਿਹਾ ਹੈ ਪਰ ਘਟਨਾਵਾਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਰਸਤੇ ਨਾਲ ਜੁੜੀਆਂ ਹੋਣ ਕਰਕੇ ਡੂੰਘਾਈ ਨਾਲ ਜਾਂਚ ਹੋਣੀ ਅਤਿ ਜ਼ਰੂਰੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਇਸ ਘਟਨਾ ਸਬੰਧੀ ਮੀਡੀਆ ਵਿੱਚ ਪ੍ਰਕਾਸ਼ਿਤ ਖਬਰਾਂ ਕਰਕੇ ਵੀ ਸੰਗਤ ਅਤੇ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਪੈਦਾ ਹੋਏ ਹਨ, ਇਸ ਲਈ ਸਰਕਾਰ ਨੂੰ ਜਲਦ ਹੀ ਜਾਂਚ ਮੁਕੰਮਲ ਕਰਕੇ ਸੱਚ ਸਾਹਮਣੇ ਲਿਆਉਣਾ ਚਾਹੀਦਾ ਹੈ।

Related Articles

Stay Connected

0FansLike
3,785FollowersFollow
20,800SubscribersSubscribe
- Advertisement -spot_img

Latest Articles