#AMERICA

ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ

ਫਰਿਜ਼ਨੋ, 8 ਫਰਵਰੀ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਕ੍ਰਾਂਤੀਕਾਰੀ ਸ਼੍ਰੋਮਣੀ ਭਗਤ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਫਰਿਜ਼ਨੋ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਜਿੱਥੇ ਐਤਵਾਰ ਦੇ ਦੀਵਾਨ ਵਿਚ ਗੁਰੂ ਰਵਿਦਾਸ ਜੀ ਦੇ ਜੀਵਨ ਨੂੰ ਯਾਦ ਕਰਦਿਆਂ ਰੂਹਾਨੀ ਗੁਰਮਤਿ ਵਿਚਾਰਾਂ ਹੋਈਆਂ ਅਤੇ ਕੀਰਤਨ ਦੀਵਾਨ ਸਜੇ, ਉੱਥੇ ਇਨ੍ਹਾਂ ਦੀਵਾਨਾਂ ਵਿਚ ਗੁਰੂ ਘਰ ਦੇ ਕੀਰਤਨੀਏ ਡਾਕਟਰ ਸਰਬਜੀਤ ਸਿੰਘ ਦੇ ਜਥੇ ਨੇ ਕੀਰਤਨ ਰਾਹੀਂ ਹਾਜ਼ਰੀ ਭਰੀ।
ਇਸ ਸਮਾਗਮ ਵਿਚ ਕਥਾਵਾਚਕ ਭਾਈ ਮਲਕੀਤ ਸਿੰਘ ਕਰਨਾਲ ਨੇ ਗੁਰੂ ਸ਼ਬਦ ਦੀ ਕਥਾ ਰਾਹੀਂ ਸਾਂਝ ਪਾਈ। ਇਸ ਸਮਾਗਮ ਦੌਰਾਨ ਵਿਸ਼ੇਸ਼ ਤੌਰ ‘ਤੇ ਉੱਘੇ ਸਮਾਜ ਸੇਵੀ ਸੁਖਬੀਰ ਸਿੰਘ ਭੰਡਾਲ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਸਮਾਜਿਕ ਕੁਰੀਤੀਆਂ ਦਾ ਵਿਰੋਧ ਕਰਨ ਲਈ ਦੁਨੀਆਂ ਵਿਚ ਸਮੇਂ-ਸਮੇਂ ‘ਤੇ ਮਨੁੱਖਤਾ ਦੇ ਰਹਿਬਰਾਂ ਨੇ ਜਨਮ ਲਿਆ ਹੈ। ਇਨ੍ਹਾਂ ਵਿਚ ਸ੍ਰੀ ਗੁਰੂ ਰਵਿਦਾਸ ਜੀ ਦਾ ਨਾਮ ਵੀ ਸ਼ਾਮਲ ਹੈ, ਜਿਨ੍ਹਾਂ ਨੇ ਉਸ ਵੇਲੇ ਫੈਲੀ ਊਚ-ਨੀਚ, ਜਾਤ-ਪਾਤ, ਕਰਮਕਾਂਡ, ਪਖੰਡਵਾਦ, ਧਾਰਮਿਕ ਕੱਟੜਤਾ ਆਦਿ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ। ਗੁਰੂ ਰਵਿਦਾਸ ਜੀ ਨੇ ਜਾਤ-ਪਾਤ ਦਾ ਖੰਡਨ ਕਰਕੇ ਉੱਚ ਵਰਗ ਦੇ ਜਾਤੀ ਅਭਿਮਾਨ ਅਤੇ ਹੰਕਾਰ ਨੂੰ ਸੱਟ ਮਾਰੀ। ਆਪ ਸਮਾਜ ਵਿਚੋਂ ਸ਼ੋਸ਼ਣ, ਛੂਤ-ਛਾਤ, ਪਖੰਡਵਾਦ ਦਾ ਖਾਤਮਾਂ ਕਰਕੇ ਬਰਾਬਰਤਾ ਵਾਲਾ ਸਮਾਜ ਕਾਇਮ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਜਨਮ ਉਤਸਵ ਮਨਾਉਣ ਦਾ ਅਸਲੀ ਮੰਤਵ ਪੂਰਾ ਕਰਨ ਲਈ ਉਨ੍ਹਾਂ ਵੱਲੋਂ ਦਿੱਤੀਆਂ ਸਿੱਖਿਆਵਾਂ ਨੂੰ ਅਪਣਾ ਕੇ ਸਮਾਜ ‘ਚੋਂ ਪਾਖੰਡਵਾਦ ਨੂੰ ਦੂਰ ਕਰਕੇ ਦੁਨੀਆਂ ਵਿਚ ਬਰਾਬਰਤਾ ਵਾਲਾ ਸਮਾਜ ਉਸਾਰਨਾ ਹੈ, ਤਾਂ ਜੋ ਉਨ੍ਹਾਂ ਵੱਲੋਂ ਦਰਸਾਇਆ ਬੇਗਮਪੁਰਾ ਦਾ ਸੁਪਨਾ ਪੂਰਾ ਹੋ ਸਕੇ। ਸਟੇਜ ਸੰਚਾਲਨ ਦੀ ਸੇਵਾ ਭਾਈ ਗੁਰਪ੍ਰੀਤ ਸਿੰਘ ਮਾਨ ਨੇ ਨਿਭਾਈ। ਗੁਰੂ ਦੀ ਮਹਿਮਾ ਦੇ ਨਾਲ-ਨਾਲ ਐਤਵਾਰ ਦੇ ਇਸ ਵਿਸ਼ੇਸ਼ ਦੀਵਾਨ ਵਿਚ ਪ੍ਰਮੋਧ ਲੋਈ ਅਤੇ ਪਰਿਵਾਰ ਵੱਲੋਂ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਲੰਗਰ ਬਣਾਉਣ ਦੀ ਸੇਵਾ ਭਾਈ ਇਕਬਾਲ ਸਿੰਘ ਅਤੇ ਸਾਥੀਆਂ ਵੱਲੋਂ ਬੜੀ ਸ਼ਰਧਾ-ਭਾਵਨਾ ਨਾਲ ਨਿਭਾਈ ਗਈ।
ਇਸ ਮੌਕੇ ਪੰਜਾਬੀ ਕਲਚਰਲ ਐਸੋਸੀਏਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਪੀ.ਸੀ.ਏ. ਵੱਲੋਂ ਗੁਰੂਘਰ ਵਿਖੇ ਜੋੜੇ ਘਰ ਲਈ ਰੈਕ (Shoe Rack) ਬਣਵਾਕੇ ਦਿੱਤੇ ਗਏ ਹਨ ਅਤੇ ਸੰਸਥਾ ਨੇ ਗੁਰ ਮਿਲਾਪ ਸੰਸਥਾ ਨੂੰ ਰਾਜਸਥਾਨ ਦੇ ਅਲਵਰ ਵਿਚ ਲੋੜਵੰਦ ਬੱਚਿਆਂ ਦੀ ਮਦਦ ਕਰਦਿਆਂ, ਸਿੱਖੀ ਸਿੱਖਿਆ ਗੁਰ ਵਿਚਾਰ ਅਕੈਡਮੀ ਦੇ 30 ਵਿਦਿਆਰਥੀਆਂ ਨੂੰ ਗੋਦ ਲੈ ਕੇ ਉਨ੍ਹਾਂ ਦੀ ਪੜ੍ਹਾਈ ਦਾ ਖ਼ਰਚਾ ਵੀ ਚੁੱਕਿਆ ਹੈ।

Leave a comment