#PUNJAB

ਸ੍ਰੀ ਆਨੰਦਪੁਰ ਸਾਹਿਬ ਹੋਲੇ-ਮਹੱਲੇ ‘ਤੇ ਸਰੀ ਤੋਂ ਗਏ ਗੁਰਸਿੱਖ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਸ੍ਰੀ ਆਨੰਦਪੁਰ ਸਾਹਿਬ/ਸਰੀ, 8 ਮਾਰਚ (ਪੰਜਾਬ ਮੇਲ)- ਸਰ੍ਹੀ, ਕੈਨੇਡਾ ਤੋਂ ਸ੍ਰੀ ਆਨੰਦਪੁਰ ਸਾਹਿਬ ਹੋਲੇ-ਮਹੱਲੇ ‘ਤੇ ਗਏ 24 ਸਾਲਾ ਗੁਰਸਿੱਖ ਨੌਜਵਾਨ ਦੀ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਕਿਰਚਾਂ ਮਾਰ ਕੇ ਕਤਲ ਕੀਤੇ ਜਾਣ ਦੀ ਖੌਫਨਾਕ ਘਟਨਾ ਸਾਹਮਣੇ ਆਈ ਹੈ। ਇਸ ਕਤਲ ਦੀਆਂ ਵੀਡੀਓ ਸੋਸ਼ਲ ਮੀਡੀਏ ‘ਤੇ ਘੁੰਮ ਰਹੀਆਂ ਹਨ। ਪ੍ਰਦੀਪ ਸਿੰਘ ਕੈਨੇਡਾ ਦਾ ਗਰੀਨ ਕਾਰਡ ਹੋਲਡਰ ਸੀ ਅਤੇ ਪੰਜਾਬ ਆਪਣੇ ਮਾਂ-ਪਿਓ ਅਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਗਿਆ ਹੋਇਆ ਸੀ। ਉਹ ਕੈਨੇਡਾ ‘ਚ ਪੱਕਾ ਹੋਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਗਿਆ ਸੀ। ਉਹ ਹੋਲੇ-ਮਹੱਲੇ ਦੀ ਚੜ੍ਹਦੀ ਕਲਾ ਦੇਖਣ ਲਈ ਵਿਸ਼ੇਸ਼ ਤੌਰ ‘ਤੇ ਪਹੁੰਚਿਆ ਸੀ।
ਮਿਲੀ ਜਾਣਕਾਰੀ ਮੁਤਾਬਕ ਪ੍ਰਦੀਪ ਸਿੰਘ ਨੇ ਦੇਖਿਆ ਕਿ ਹੋਲੇ-ਮਹੱਲੇ ਦੇ ਪਵਿੱਤਰ ਮੌਕੇ ‘ਤੇ ਕੁੱਝ ਗੱਡੀਆਂ ‘ਤੇ ਪੰਜਾਬੀ ਗਾਣੇ ਉੱਚੀ-ਉੱਚੀ ਲੱਗੇ ਹੋਏ ਸਨ, ਜਿਸ ਨੂੰ ਪ੍ਰਦੀਪ ਸਿੰਘ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ ‘ਤੇ ਨੌਜਵਾਨਾਂ ਨੇ ਉਸ ‘ਤੇ ਕਿਰਚਾਂ ਨਾਲ ਹਮਲਾ ਕਰ ਦਿੱਤਾ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਹਮਲਾ ਕਰਨ ਵਾਲੇ ਨੌਜਵਾਨ ਹਮਲੇ ਦੌਰਾਨ ਇਸ ਦੀ ਵੀਡੀਓ ਵੀ ਬਣਾਉਂਦੇ ਰਹੇ ਅਤੇ ਉਸ ਨੂੰ ਠੁੱਡੇ ਵੀ ਮਾਰਦੇ ਰਹੇ। ਇਸ ਦੌਰਾਨ ਉਸ ਨੂੰ ਛੁਡਾਉਣ ਲਈ ਕੋਈ ਵੀ ਅੱਗੇ ਨਹੀਂ ਆਇਆ। ਪ੍ਰਦੀਪ ਸਿੰਘ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਮੁਤਾਬਕ ਹਾਲੇ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ।
ਪ੍ਰਦੀਪ ਸਿੰਘ ਆਪਣੇ ਮਾਂ-ਬਾਪ ਦਾ ਇਕੱਲਾ ਪੁੱਤਰ ਸੀ ਅਤੇ ਇਸ ਦੀ ਭੈਣ ਕੈਨੇਡਾ ਵਿਚ ਹੀ ਰਹਿ ਰਹੀ ਹੈ। ਇਸ ਦਾ ਪਰਿਵਾਰ ਹਾਲੇ ਵੀ ਇਨ੍ਹਾਂ ਦੇ ਜੱਦੀ ਪਿੰਡ ਗਾਜ਼ੀਕੋਟ, ਜ਼ਿਲ੍ਹਾ ਗੁਰਦਾਸਪੁਰ ਰਹਿੰਦਾ ਹੈ।
ਉਧਰ ਪ੍ਰਦੀਪ ਸਿੰਘ ਦੇ ਕਾਤਲਾਂ ਦੇ ਫੜੇ ਜਾਣ ਤੱਕ ਪ੍ਰਦੀਪ ਸਿੰਘ ਦੇ ਸਸਕਾਰ ਤੋਂ ਪਰਿਵਾਰ ਨੇ ਮਨ੍ਹਾਂ ਕਰ ਦਿੱਤਾ ਹੈ। ਪ੍ਰਦੀਪ ਸਿੰਘ ਸਰ੍ਹੀ ਕੈਨੇਡਾ ਵਿਚ ਵੀ ਇਹ ਕਾਫੀ ਪੰਥਕ ਮੋਰਚਿਆਂ ਵਿਚ ਹਿੱਸਾ ਲੈਂਦਾ ਰਿਹਾ ਹੈ। ਪ੍ਰਦੀਪ ਸਿੰਘ ਸਿੱਖੀ ਨਾਲ ਜੁੜਿਆ ਹੋਇਆ ਸੀ ਅਤੇ ਸ੍ਰੀ ਆਨੰਦਪੁਰ ਸਾਹਿਬ ਮੇਲੇ ਦਾ ਉਸ ਨੂੰ ਬੜਾ ਚਾਅ ਸੀ। ਹੋਲਾ-ਮਹੱਲਾ ਦੇਖਣ ਜਾਣ ਸਮੇਂ ਉਸ ਨੇ ਸਿੱਖੀ ਬਾਣਾ ਪਾਇਆ ਹੋਇਆ ਸੀ।
ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਈ ਇਸ ਘਟਨਾ ਦੀ ਹਰ ਪਾਸਿਓਂ ਨਿਖੇਧੀ ਕੀਤੀ ਜਾ ਰਹੀ ਹੈ।

Leave a comment