ਅੰਮ੍ਰਿਤਸਰ, 26 ਅਗਸਤ (ਪੰਜਾਬ ਮੇਲ)- ਹਰਿਆਣਾ ਵਿੱਚ ਨਵੀਂ ਬਣੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੇ ਆਪਸੀ ਝਗੜੇ ਦਾ ਮਾਮਲਾ ਸ੍ਰੀ ਅਕਾਲ ਤਖਤ ‘ਤੇ ਪੁੱਜ ਗਿਆ ਹੈ। ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਮਾਮਲੇ ਦੇ ਵਿਚਾਰ ਅਧੀਨ ਹੋਣ ਤੱਕ ਹਰਿਆਣਾ ਕਮੇਟੀ ਦੀਆਂ ਪ੍ਰਬੰਧਕੀ ਮੀਟਿੰਗਾਂ ਕਰਨ ‘ਤੇ ਰੋਕ ਲਾ ਦਿੱਤੀ ਹੈ। ਜਥੇਦਾਰ ਵੱਲੋਂ ਇਸ ਸਬੰਧ ਵਿਚ ਜਲਦੀ ਹੀ ਇੱਕ ਜਾਂਚ ਕਮੇਟੀ ਗਠਿਤ ਕੀਤੀ ਜਾਵੇਗੀ।
ਨਵੀਂ ਬਣੀ ਹਰਿਆਣਾ ਕਮੇਟੀ ਦੇ ਮੈਂਬਰਾਂ ਦੀ ਇਕ ਮੀਟਿੰਗ 14 ਅਗਸਤ ਨੂੰ ਗੁਰਦੁਆਰਾ ਪੰਜੋਖਰਾ ਸਾਹਿਬ ਵਿਖੇ ਹੋਈ ਸੀ, ਜਿਸ ਵਿਚ ਕਮੇਟੀ ਦੇ ਮੈਂਬਰਾਂ ਵਿਚਾਲੇ ਆਪਸੀ ਝਗੜਾ ਹੋਇਆ ਸੀ। ਇਸ ਝਗੜੇ ਦੌਰਾਨ ਮੈਂਬਰਾਂ ਵੱਲੋਂ ਗਾਲੀ-ਗਲੋਚ ਵੀ ਕੀਤੀ ਗਈ। ਇਹ ਮਾਮਲਾ ਜਨਤਕ ਹੋਣ ਤੋਂ ਬਾਅਦ ਇਸ ਦੀ ਨਿਖੇਧੀ ਕੀਤੀ ਗਈ।
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਦੱਸਿਆ ਇਸ ਮਾਮਲੇ ਵਿਚ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ ਹਨ ਅਤੇ ਸੰਸਾਰ ਭਰ ਦੇ ਸਿੱਖਾਂ ਵੱਲੋਂ ਇਸ ਦੀ ਨਿਖੇਧੀ ਕੀਤੀ ਗਈ ਹੈ। ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਵੱਲੋਂ ਸ੍ਰੀ ਅਕਾਲ ਤਖਤ ਵਿਖੇ ਫੋਨ ਕਰਕੇ ਅਤੇ ਲਿਖਤੀ ਸ਼ਿਕਾਇਤਾਂ ਵੀ ਭੇਜੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਹਰਿਆਣਾ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਸਮੇਤ ਹਰਪ੍ਰੀਤ ਸਿੰਘ ਤੇ ਗੁਰਬਖਸ਼ ਸਿੰਘ ਆਦਿ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਵਿਖੇ ਪੁੱਜ ਕੇ ਇਸ ਸਬੰਧੀ ਸ਼ਿਕਾਇਤ ਕੀਤੀ ਹੈ। ਇਸ ਸਬੰਧੀ ਸ਼ਿਕਾਇਤਾਂ ਪੁੱਜਣ ਤੋਂ ਬਾਅਦ ਇਸ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰਿਆ ਗਿਆ ਹੈ। ਉਨ੍ਹਾਂ ਹਰਿਆਣਾ ਕਮੇਟੀ ਦੇ ਸਮੂਹ ਮੈਂਬਰਾਂ ਨੂੰ ਹਦਾਇਤ ਕੀਤੀ ਹੈ ਕਿ ਜਦੋਂ ਤੱਕ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਵਿਖੇ ਵਿਚਾਰ ਅਧੀਨ ਹੈ, ਉਦੋਂ ਤੱਕ ਹਰਿਆਣਾ ਕਮੇਟੀ ਦੀ ਕੋਈ ਵੀ ਪ੍ਰਬੰਧਕੀ ਮੀਟਿੰਗ ਨਹੀਂ ਹੋਵੇਗੀ। ਜਦਕਿ ਬਾਕੀ ਕੰਮਕਾਜ ਕੀਤੇ ਜਾ ਸਕਣਗੇ।
ਜਥੇਦਾਰ ਵੱਲੋਂ ਹਰਿਆਣਾ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਕੋਈ ਵੀ ਮੈਂਬਰ ਇਸ ਮਾਮਲੇ ਸਬੰਧੀ ਮੀਡੀਆ ਵਿਚ ਨਾ ਜਾਵੇ ਅਤੇ ਨਾ ਹੀ ਇੱਕ ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ਕਰੇ। ਉਨ੍ਹਾਂ ਨੇ ਕਿਹਾ ਕਿ ਪੜਤਾਲ ਮਗਰੋਂ ਸਬ ਕਮੇਟੀ ਆਪਣੀ ਰਿਪੋਰਟ ਅਕਾਲ ਤਖ਼ਤ ਵਿਖੇ ਭੇਜੇਗੀ, ਜਿਸ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ‘ਚ ਵਿਚਾਰ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇੱਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ ਹਰਿਆਣਾ ਵਿਚ ਬਣੀ ਨਵੀਂ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਗਈ ਪਰ ਹਰਿਆਣਾ ਕਮੇਟੀ ਵਿਚ ਵਾਪਰੀ ਇਸ ਘਟਨਾ ਦਾ ਸ਼੍ਰੋਮਣੀ ਕਮੇਟੀ ਵੱਲੋਂ ਵੀ ਨੋਟਿਸ ਲੈਂਦੇ ਹੋਏ ਇਸ ਦੀ ਨਿੰਦਾ ਕੀਤੀ ਗਈ ਹੈ।