#AMERICA

ਸੈਕਰਾਮੈਂਟੋ ‘ਚ ਸ੍ਰੀ ਗੁਰੂ ਰਵਿਦਾਸ ਗੁਰਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ

* ਵੱਖ-ਵੱਖ ਜੱਥਿਆਂ ਵਲੋਂ ਇਲਾਹੀ ਗੁਰਬਾਣੀ ਦਾ ਕੀਰਤਨ
ਸੈਕਰਾਮੈਂਟੋ, 22 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹਰ ਵਰ੍ਹੇ ਵਾਂਗ ਇਸ ਵਾਰ ਵੀ ਸ੍ਰੀ ਗੁਰੂ ਰਵਿਦਾਸ ਟੈਂਪਲ ਰਿਓ ਲਿੰਡਾ, ਸੈਕਰਾਮੈਂਟੋ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 646ਵੇਂ ਗੁਰਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਵੱਖ-ਵੱਖ ਰਾਗੀ, ਕਵੀਸ਼ਰ ਤੇ ਕਥਾਕਾਰਾਂ ਵਲੋਂ ਗੁਰੂ ਸਹਿਬਾਨਾਂ ਦੀ ਬਾਣੀ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਐਤਕਾਂ ਭਾਰੀ ਮੀਂਹ ਦੇ ਬਾਵਜੂਦ ਸੰਗਤਾਂ ਨੇ ਹਾਜ਼ਰੀ ਜੰਰੂਰ ਭਰੀ ਪਰ ਸੰਗਤਾਂ ਦਾ ਇਕੱਠ ਪਿਛਲੇ ਸਾਲ ਨਾਲੋਂ ਘੱਟ ਦਿਖਾਈ ਦਿੱਤਾ। ਪੰਜਾਂ ਪਿਆਰਿਆਂ ਦੀ ਰਹਿਨੁਮਾਈ ਹੇਠ ਕੱਢੇ ਹਏ ਨਗਰ ਕੀਰਤਨ ਦਾ ਰੂਟ ਵੀ ਪਹਿਲਾਂ ਵਾਲਾ ਹੀ ਰੱਖਿਆ ਗਿਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੇ ਫਲੋਟ ਨੂੰ ਮੀਂਹ ਦੇ ਬਾਵਜੂਦ ਫੁੱਲਾਂ ਨਾਲ ਸਜਾਇਆ ਗਿਆ। ਸਵੇਰ ਤੇ ਸ਼ਾਮਾਂ ਦੇ ਦਿਵਾਨਾਂ ‘ਚ ਵੱਖ-ਵੱਖ ਰਾਗੀਆਂ ਜਿਨ੍ਹਾਂ ‘ਚ ਭਾਈ ਸਰਬਜੀਤ ਸਿੰਘ ਰੰਗੀਲਾ, ਭਾਈ ਓਂਕਾਰ ਸਿੰਘ ਊਨੇ ਵਾਲੇ, ਭਾਈ ਰਜਿੰਦਰ ਸਿੰਘ ਰਾਜਾ, ਭਾਈ ਅਮ੍ਰਿਤਪਾਲ ਸਿੰਘ, ਭਾਈ ਜਗਜੀਤ ਸਿੰਘ ਯੋਗੀ ਤੇ ਗੁਰੂ ਘਰ ਦੇ ਹਜ਼ੂਰੀ ਰਾਗੀਆਂ ਵਲੋਂ ਮਨੋਹਰ ਕੀਰਤਨ ਕੀਤਾ ਗਿਆ। ਨਗਰ ਕੀਰਤਨ ਵਾਲੇ ਦਿਵਾਨਾਂ ‘ਚ ਵੱਖ ਦਾਨੀਆਂ ਤੇ ਸੇਵਾਦਾਰਾਂ ਨੂੰ ਪ੍ਰਬੰਧਕਾਂ ਵਲੋ ਪਲੈਕਾਂ ਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਨੇ ਵੱਖ-ਵੱਖ ਦੁਕਾਨਾਂ ਤੋਂ ਖਰੀਦੋ-ਫਰੋਖਤ ਵੀ ਕੀਤੀ ਤੇ ਸੇਵਾਦਾਰਾਂ ਵਲੋਂ ਵੱਖ-ਵੱਖ ਤਰ੍ਹਾਂ-ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਇਸ ਮੌਕੇ ਵੱਖ-ਵੱਖ ਦਾਨੀਆਂ ਵਲੋਂ ਗੁਰਦੁਆਰਾ ਸਾਹਿਬ ਦੀ ਬਣ ਰਹੀ ਨਵੀਂ ਇਮਾਰਤ ਲਈ ਦਾਨ ਵੀ ਕੀਤਾ ਗਿਆ।

Leave a comment