#AMERICA

ਸੁਪਰ ਸਟਾਰ ਮੇਗਨ ਬੀ ਸਟੈਲੀਅਨ ਨੂੰ ਗੋਲੀ ਮਾਰਨ ਦੇ ਦੋਸ਼ ‘ਚ ਕੈਨੇਡੀਅਨ ਰੈਪਰ ਨੂੰ ਹੋਈ 10 ਸਾਲ ਦੀ ਜੇਲ੍ਹ

ਨਿਊਯਾਰਕ, 9 ਅਗਸਤ (ਰਾਜ ਗੋਗਨਾ/ਪੰਜਾਬ ਮੇਲ)— ਕੈਨੇਡੀਅਨ ਰੈਪਰ ਟੋਰੀ ਲੈਨਜ਼ ਨੂੰ ਸਾਲ 2020 ਵਿਚ ਅਮਰੀਕੀ ਹਿੱਪ-ਹੌਪ ਸਟਾਰ ਮੇਗਨ ਬੀ ਸਟੈਲੀਅਨ ਨੂੰ ਗੋਲੀ ਮਾਰਨ ਦੇ ਦੋਸ਼ ਵਿਚ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। 31 ਸਾਲਾ ਲੈਨਜ਼, ਜਿਸਦਾ ਅਸਲੀ ਨਾਮ ਡੇਸਟਾਰ ਪੀਟਰਸਨ ਹੈ, ਨੂੰ ਦਸੰਬਰ 2022 ‘ਚ ਤਿੰਨ ਸੰਗੀਨ ਜੁਰਮਾਂ ਦਾ ਦੋਸ਼ੀ ਪਾਇਆ ਗਿਆ ਸੀ, ਜਿਨ੍ਹਾਂ ਵਿਚ ਇੱਕ ਅਰਧ-ਆਟੋਮੈਟਿਕ ਹਥਿਆਰ ਦੇ ਨਾਲ ਹਮਲਾ, ਦੂਜਾ ਇੱਕ ਵਾਹਨ ਵਿਚ ਲੋਡ ਗੈਰ ਰਜਿਸਟਰਡ ਅਸਲਾ ਰੱਖਣ ਅਤੇ ਲਾਪ੍ਰਵਾਹੀ ਦੇ ਨਾਲ ਹਥਿਆਰ ਰੱਖਣ ਦੇ ਦੋਸ਼ ਆਇਦ ਕੀਤੇ ਗਏ ਸਨ। ਪੂਰੇ ਦੋ ਦਿਨ ਚੱਲੀ ਸੁਣਵਾਈ ਤੋਂ ਬਾਅਦ ਮੰਗਲਵਾਰ ਦੁਪਹਿਰ ਨੂੰ ਲਾਸ ਏਂਜਲਸ ਦੇ ਜੱਜ ਨੇ ਉਸਨੂੰ ਸਜ਼ਾ ਸੁਣਾਈ। ਇਹ ਦੋਸ਼ ਜੁਲਾਈ 2020 ‘ਚ ਵਾਪਰੀ ਇੱਕ ਘਟਨਾ ਨਾਲ ਸਬੰਧਤ ਹਨ, ਜਿੱਥੇ ਕਾਇਲੀ ਜੇਨਰ ਦੁਆਰਾ ਆਯੋਜਿਤ ਇੱਕ ਪੂਲ ਪਾਰਟੀ ਤੋਂ ਬਾਅਦ ਇੱਕ ਬਹਿਸ ਦੌਰਾਨ ਲੈਨਜ਼ ਨੇ ਸਟੈਲੀਅਨ ਦੇ ਪੈਰ ਵਿਚ ਗੋਲੀ ਮਾਰ ਦਿੱਤੀ ਸੀ। ਸੋਮਵਾਰ ਨੂੰ ਸਟੈਲੀਅਨ ਦੇ ਇੱਕ ਲਿਖਤੀ ਬਿਆਨ ਵਿਚ ਕਿਹਾ ਗਿਆ ਹੈ ਕਿ ਉਸਨੇ ਗੋਲੀਬਾਰੀ ਤੋਂ ਬਾਅਦ ”ਇੱਕ ਵੀ ਦਿਨ ਸ਼ਾਂਤੀ ਦਾ ਅਨੁਭਵ ਨਹੀਂ ਕੀਤਾ”। ਉਥੇ ਹੀ ਲੈਨਜ਼ ਨੇ ਜੱਜ ਵੱਲੋਂ ਸਜ਼ਾ ਸੁਣਾਉਣ ਤੋਂ ਪਹਿਲਾਂ ਅਦਾਲਤ ਨੂੰ ਸੰਬੋਧਿਤ ਕੀਤਾ। ਉਸਨੇ ਆਪਣੇ ਕੰਮਾਂ ਲਈ ਮੁਆਫੀ ਮੰਗੀ ਅਤੇ ਕਿਹਾ ਕਿ ਉਹ 2020 ‘ਚ ਹੋਈ ਗੋਲੀਬਾਰੀ ਦੀ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਜੇ ਮੈਂ ਇਸਨੂੰ ਬਦਲ ਸਕਦਾ, ਤਾਂ ਮੈਂ ਅਜਿਹਾ ਜ਼ਰੂਰ ਕਰਦਾ, ਪਰ ਮੈਂ ਅਜਿਹਾ ਨਹੀਂ ਕਰ ਸਕਦਾ। ਉਸ ਰਾਤ ਜੋ ਵੀ ਮੈਂ ਕੀਤਾ, ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਮੈਂ ਸੱਚਮੁੱਚ ਇੱਕ ਬਿਹਤਰ ਵਿਅਕਤੀ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ।

Leave a comment