ਨਵੀਂ ਦਿੱਲੀ, 1 ਮਾਰਚ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਆਬਕਾਰੀ ਨੀਤੀ ਕੇਸ ਵਿਚ ਦਾਇਰ ਜ਼ਮਾਨਤ ਅਰਜ਼ੀ ਤੇ ਦਿੱਲੀ ਪੁਲਿਸ ਵੱਲੋਂ ਦਰਜ ਐੱਫ.ਆਈ.ਆਰ. ਖਾਰਜ ਕਰਨ ਦੀ ਮੰਗ ਕਰਦੀ ਪਟੀਸ਼ਨ ‘ਤੇ ਸੁਣਵਾਈ ਤੋਂ ਨਾਂਹ ਕਰ ਦਿੱਤੀ ਹੈ। ਸਰਵਉੱਚ ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਸਿਸੋਦੀਆ ਦੀ ਪਟੀਸ਼ਨ ‘ਤੇ ਸੁਣਵਾਈ ਕੀਤੇ ਜਾਣ ਨਾਲ ‘ਗ਼ਲਤ ਸੁਨੇਹਾ’ ਜਾਵੇਗਾ ਤੇ ਸਿਸੋਦੀਆ ਕੋਲ ਕਾਰਗਰ ਬਦਲਵੇਂ ਉਪਾਅ ਉਪਲੱਬਧ ਹਨ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਤੇ ਜਸਟਿਸ ਪੀ.ਐੱਸ. ਨਰਸਿਮ੍ਹਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ, ”ਕਿਉਂ ਜੋ ਪਟੀਸ਼ਨਰ (ਸਿਸੋਦੀਆ) ਕੋਲ ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ 1973 ਤਹਿਤ ਕਾਰਗਰ ਬਦਲਵੇਂ ਉਪਾਅ ਉਪਲੱਬਧ ਹਨ, ਅਸੀਂ ਸੰਵਿਧਾਨ ਦੀ ਧਾਰਾ 32 ਤਹਿਤ ਇਸ ਪਟੀਸ਼ਨ ‘ਤੇ ਸੁਣਵਾਈ ਲਈ ਤਿਆਰ ਨਹੀਂ ਹਾਂ। ਲਿਹਾਜ਼ਾ ਪਟੀਸ਼ਨ ਦਾ ਨਿਬੇੜਾ ਕੀਤਾ ਜਾਂਦਾ ਹੈ।” ਬੈਂਚ ਨੇ ਕਿਹਾ ਕਿ ਮਹਿਜ਼ ਇਸ ਲਈ ਕਿ ਇਹ ਘਟਨਾ ਦਿੱਲੀ ਵਿਚ ਵਾਪਰੀ ਹੈ, ਸਿਸੋਦੀਆ ਸੁਪਰੀਮ ਕੋਰਟ ਵਿਚ ਸਿੱਧਿਆਂ ਨਹੀਂ ਆ ਸਕਦੇ ਕਿਉਂਕਿ ਉਨ੍ਹਾਂ ਕੋਲ ਹੇਠਲੀ ਅਦਾਲਤ ਦੇ ਨਾਲ-ਨਾਲ ਦਿੱਲੀ ਹਾਈ ਕੋਰਟ ਦੇ ਰੂਪ ਵਿਚ ਉਪਾਅ ਮੌਜੂਦ ਹਨ। ਸਿਸੋਦੀਆ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਆਮ ਆਦਮੀ ਪਾਰਟੀ (ਆਪ) ਆਗੂ ਨੂੰ ਸੀ.ਬੀ.ਆਈ. ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਵਿਰੋਧ ਕਰਦਿਆਂ ਕਿਹਾ ਕਿ ਐਕਸਾਈਜ਼ ਪਾਲਿਸੀ ਲਈ ਵੱਖ-ਵੱਖ ਪੜਾਅ ‘ਤੇ ਫੈਸਲੇ ਲਏ ਗਏ ਤੇ ਵੱਡੀ ਗੱਲ ਇਹ ਕਿ ਕੋਈ ਪੈਸਾ ਬਰਾਮਦ ਨਹੀਂ ਹੋਇਆ। ਸਿੰਘਵੀ ਨੇ ਕਿਹਾ ਕਿ ਐਕਸਾਈਜ਼ ਪਾਲਿਸੀ ਬਾਰੇ ਨੀਤੀਗਤ ਫੈਸਲੇ ਲੈਣ ਦੇ ਅਮਲ ਵਿਚ ਦਿੱਲੀ ਦਾ ਉਪ ਰਾਜਪਾਲ ਵੀ ਸ਼ਾਮਲ ਸੀ। ਸੁਪਰੀਮ ਕੋਰਟ ਨੇ ਜਦੋਂ ਕਿਹਾ ਕਿ ਉਹ ਇਸ ਪੜਾਅ ‘ਤੇ (ਸਿਸੋਦੀਆ ਦੀ) ਪਟੀਸ਼ਨ ‘ਤੇ ਸੁਣਵਾਈ ਨਹੀਂ ਕੀਤੀ ਜਾ ਸਕਦੀ, ਤਾਂ ਸਿੰਘਵੀ ਨੇ ਇਹ ਵਾਪਸ ਲੈ ਲਈ। ਉਂਜ ਬੈਂਚ ਨੇ ਸ਼ੁਰੂਆਤ ਵਿਚ ਕਿਹਾ, ”ਤੁਸੀਂ ਐੱਫ.ਆਈ.ਆਰ. ਨੂੰ ਚੁਣੌਤੀ ਦੇਣ ਤੇ ਜ਼ਮਾਨਤ ਲਈ ਸੰਵਿਧਾਨ ਦੀ ਧਾਰਾ 32 ਦਾ ਹਵਾਲਾ ਦਿੱਤਾ ਹੈ। ਤੁਹਾਡੇ ਕੋਲ ਹੋਰ ਵੀ ਉਪਾਅ ਉਪਲੱਬਧ ਹਨ।” ਸਿੰਘਵੀ ਨੇ ਪੱਤਰਕਾਰਾਂ ਅਰਨਬ ਗੋਸਵਾਮੀ ਤੇ ਵਿਨੋਦ ਦੂਆ ਦੇ ਕੇਸਾਂ ਵਿਚ ਸਿਖਰਲੀ ਕੋਰਟ ਵੱਲੋਂ ਸੁਣਾਏ ਫੈਸਲਿਆਂ ਦਾ ਵੀ ਹਵਾਲਾ ਦਿੱਤਾ। ਇਸ ‘ਤੇ ਸੀ.ਜੇ.ਆਈ. ਨੇ ਕਿਹਾ, ”ਅਰਨਬ ਗੋਸਵਾਮੀ ਕੇਸ ਨੇ ਬੰਬੇ ਹਾਈ ਕੋਰਟ ਹੁੰਦਿਆਂ ਇਸ ਕੋਰਟ ਤੱਕ ਦਾ ਸਫ਼ਰ ਤੈਅ ਕੀਤਾ ਸੀ।” ਚੀਫ ਜਸਟਿਸ ਚੰਦਰਚੂੜ ਨੇ ਕਿਹਾ ਕਿ ਦੂਆ ਦਾ ਕੇਸ ਇਕ ਪੱਤਰਕਾਰ ਦੇ ਬੋਲਣ ਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਸੀ ਅਤੇ ਮੌਜੂਦਾ ਮਸਲਾ ਭ੍ਰਿਸ਼ਟਾਚਾਰ ਨੂੰ ਰੋਕਣ ਨਾਲ ਸਬੰਧਤ ਐਕਟ ਨਾਲ ਜੁੜਿਆ ਹੋਇਆ ਹੈ। ਬੈਂਚ ਨੇ ਕਿਹਾ, ”ਇਥੇ ਤੁਹਾਨੂੰ ਮੁਕੰਮਲ ਉਪਾਅ ਉਪਲੱਬਧ ਹਨ, ਜੋ ਕਿ ਸਮਰੱਥ ਕੋਰਟ ਅੱਗੇ ਜਾਂ 482 (ਕੋਡ ਆਫ ਕ੍ਰਿਮੀਨਲ ਪ੍ਰੋਸੀਜ਼ਰ) ਤਹਿਤ ਹਾਈ ਕੋਰਟ ਅੱਗੇ ਜ਼ਮਾਨਤ ਅਰਜ਼ੀ ਦਾਖ਼ਲ ਕਰਨ ਦੇ ਰੂਪ ਵਿਚ ਖੁੱਲ੍ਹੇ ਹਨ।” ਸਿੰਘਵੀ ਨੇ ਕਿਹਾ ਕਿ ਉਹ ਇਸ ਮਸਲੇ ਦੇ ਗੁਣ ਦੋਸ਼ਾਂ ਵਿਚ ਨਹੀਂ ਜਾ ਰਿਹਾ। ਸਿੰਘਵੀ ਨੇ ਕੇਸ ਵਿਚ ਅਗਸਤ 2022 ਵਿਚ ਦਰਜ ਐੱਫ.ਆਈ.ਆਰ. ਸਣੇ ਕੁਝ ਹੋਰ ਨੁਕਤੇ ਪ੍ਰਮੁੱਖਤਾ ਨਾਲ ਉਭਾਰੇ। ਉਨ੍ਹਾਂ ਕਿਹਾ ਕਿ ਸਿਸੋਦੀਆ ਨੂੰ ਪੁੱਛ-ਪੜਤਾਲ ਲਈ ਦੋ ਵਾਰ ਸੱਦਿਆ ਗਿਆ ਤੇ ਉਹ ਦੋਵੇਂ ਵਾਰ ਪੇਸ਼ ਹੋਇਆ। ਸਿੰਘਵੀ ਨੇ ਸਿਸੋਦੀਆ ਦੀ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਦੱਸਦਿਆਂ ਗ੍ਰਿਫ਼ਤਾਰੀ ਲਈ ਤਿੰਨ ਸ਼ਰਤਾਂ-ਵਿਦੇਸ਼ ਉਡਾਰੀ ਮਾਰਨ ਦਾ ਜ਼ੋਖ਼ਮ, ਸੰਮਨ ਜਾਰੀ ਹੋਣ ‘ਤੇ ਪੇਸ਼ ਨਾ ਹੋਣ ਤੇ ਸਬੂਤਾਂ ਨਾਲ ਛੇੜਛਾੜ ਦਾ ਹਵਾਲਾ ਦਿੱਤਾ। ਸਿੰਘਵੀ ਨੇ ਕਿਹਾ, ”ਮੇਰੇ ਕੇਸ ਵਿਚ ਇਨ੍ਹਾਂ ਵਿਚੋਂ ਕਿਸੇ ਸ਼ਰਤ ਦੀ ਉਲੰਘਣਾ ਨਹੀਂ ਹੋਈ। ਸਿਸੋਦੀਆ ਦੀਆਂ ਜੜ੍ਹਾਂ ਸਮਾਜ ਵਿਚ ਹਨ। ਉਸ ਕੋਲ 18 ਮਹਿਕਮੇ ਹਨ। ਵਿਦੇਸ਼ ਉਡਾਰੀ ਮਾਰ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।” ਸਿੰਘਵੀ ਨੇ ਬਹਿਸ ਦੌਰਾਨ ਕਿਹਾ, ”ਦੋਸ਼ ਐਕਸਾਈਜ਼ ਪਾਲਿਸੀ ਬਾਰੇ ਵੱਖ-ਵੱਖ ਪੱਧਰਾਂ ‘ਤੇ ਲਏ ਫੈਸਲੇ ਬਾਰੇ ਹਨ। ਸਬੰਧਤ ਫਾਈਲ ਅਧੀਨ ਸਕੱਤਰ, ਸੰਯੁਕਤ ਸਕੱਤਰ, ਸਕੱਤਰ, ਕੈਬਨਿਟ, ਮੁੱਖ ਮੰਤਰੀ ਤੇ ਉਪ ਰਾਜਪਾਲ ਤੋਂ ਹੋ ਕੇ ਆਈ ਸੀ। ਸਾਰਿਆਂ ਨੇ ਐਕਸਾਈਜ਼ ਪਾਲਿਸੀ ਨੂੰ ਪ੍ਰਵਾਨਗੀ ਦਿੱਤੀ ਸੀ।” ਸੀ.ਜੇ.ਆਈ. ਨੇ ਕਿਹਾ, ”ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਤਾਕਤਾਂ ਤੋਂ ਵਾਂਝੇ ਹਾਂ। ਇਹ ਬਹੁਤ ਗ਼ਲਤ ਮਿਸਾਲ ਹੋਵੇਗੀ।” ਬੈਂਚ ਨੇ ਕਿਹਾ ਕਿ ਪਟੀਸ਼ਨਰ ਨੂੰ ਹਾਈ ਕੋਰਟ ਜਾਣ ਦਾ ਪੂਰਾ ਅਧਿਕਾਰ ਹੈ। ਸਿੰਘਵੀ ਨੇ ਕਿਹਾ ਕਿ ਹਾਈ ਕੋਰਟ ਦੇ ਸਬੰਧਤ ਰੋਸਟਰ ਜੱਜ ਕੋਲ ਪੀ.ਐੱਫ.ਆਈ. ਟ੍ਰਿਬਿਊਨਲ ਦਾ ਵੀ ਚਾਰਜ ਹੈ ਤੇ ਉਹ ਆਪਣਾ 60 ਫੀਸਦੀ ਸਮਾਂ ਟ੍ਰਿਬਿਊਨਲ ਦੀ ਕਾਰਵਾਈ ਚਲਾਉਣ ਨੂੰ ਦਿੰਦੇ ਹਨ। ਇਸ ‘ਤੇ ਸੀ.ਜੇ.ਆਈ. ਨੇ ਸਿੰਘਵੀ ਨੂੰ ਕਿਹਾ, ”ਇਨ੍ਹਾਂ ਸਾਰੀਆਂ ਮੁਸ਼ਕਲਾਂ ਲਈ ਚੀਫ਼ ਜਸਟਿਸ ਉਥੇ ਹੁੰਦੇ ਹਨ। ਤੁਸੀਂ ਇਸ ਨੂੰ ਚੀਫ਼ ਜਸਟਿਸ ਦੇ ਧਿਆਨ ਵਿਚ ਲਿਆ ਸਕਦੇ ਹੋ।” ਸਿੰਘਵੀ ਨੇ ਕਿਹਾ ਕਿ ਕਿਸੇ ਵੀ ਚਾਰਜਸ਼ੀਟ ਵਿਚ ਸਿਸੋਦੀਆ ਦਾ ਨਾਮ ਨਹੀਂ ਹੈ ਤੇ ਨਾ ਹੀ ਉਸ ਖਿਲਾਫ਼ ਕੋਈ ਵਿੱਤੀ ਲਾਭ ਲੈਣ ਦਾ ਦੋਸ਼ ਹੈ। ਬੈਂਚ ਨੇ ਇਸ ਪੜਾਅ ‘ਤੇ ਸੁਣਵਾਈ ਤੋਂ ਇਨਕਾਰ ਕੀਤਾ, ਤਾਂ ਸਿੰਘਵੀ ਨੇ ਪਟੀਸ਼ਨ ਵਾਪਸ ਲੈ ਲਈ। ਉਧਰ ਸੀ.ਬੀ.ਆਈ. ਵੱਲੋਂ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਪੇਸ਼ ਹੋਏ।
ਦਿੱਲੀ ਸਰਕਾਰ ਦੇ ਦੋ ਮੰਤਰੀ ਸਿਸੋਦੀਆ ਤੇ ਜੈਨ ਵੱਲੋਂ ਅਸਤੀਫਾ
-ਕੇਜਰੀਵਾਲ ਵੱਲੋਂ ਅਸਤੀਫੇ ਸਵੀਕਾਰ
ਨਵੀਂ ਦਿੱਲੀ, 1 ਮਾਰਚ (ਪੰਜਾਬ ਮੇਲ)- ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਸਲਾਖਾਂ ਪਿੱਛੇ ਬੰਦ ਦਿੱਲੀ ਸਰਕਾਰ ਦੇ ਦੋ ਮੰਤਰੀਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੇ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੇ ਅਸਤੀਫੇ ਸਵੀਕਾਰ ਕਰ ਲਏ ਹਨ। ਕੌਮੀ ਰਾਜਧਾਨੀ ਵਿਚ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਏਜੰਡੇ ਨੂੰ ਲਾਗੂ ਕਰਨ ਵਿਚ ਇਨ੍ਹਾਂ ਦੋਵਾਂ ਆਗੂਆਂ ਦੀ ਅਹਿਮ ਭੂਮਿਕਾ ਸੀ। ਰਾਜਕੁਮਾਰ ਆਨੰਦ ਨੂੰ ਸਿੱਖਿਆ ਤੇ ਸਿਹਤ ਜਦੋਂਕਿ ਕੈਲਾਸ਼ ਗਹਿਲੋਤ ਨੂੰ ਵਿੱਤ ਮੰਤਰਾਲਾ ਦਿੱਤਾ ਗਿਆ ਹੈ। ਸਿਸੋਦੀਆ ਨੂੰ ਆਬਕਾਰੀ ਨੀਤੀ ਕੇਸ ਵਿਚ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂਕਿ ਈ.ਡੀ. ਨੇ ਜੈਨ ਨੂੰ ਪਿਛਲੇ ਸਾਲ ਮਈ ਵਿਚ ਮਨੀ ਲਾਂਡਰਿੰਗ ਕੇਸ ‘ਚ ਗ੍ਰਿਫ਼ਤਾਰ ਕੀਤਾ ਸੀ। ਜੈਨ ਇਸ ਵੇਲੇ ਤਿਹਾੜ ਜੇਲ੍ਹ ‘ਚ ਬੰਦ ਹਨ। ਸਿਸੋਦੀਆ ਕੋਲ ਦਿੱਲੀ ਸਰਕਾਰ ਦੇ ਸਿਹਤ, ਵਿੱਤ, ਸਿੱਖਿਆ ਤੇ ਗ੍ਰਹਿ ਸਣੇ 33 ਵਿਭਾਗਾਂ ‘ਚੋਂ 18 ਦਾ ਚਾਰਜ ਸੀ। ਪਿਛਲੇ ਸਾਲ ਮਈ ਵਿਚ ਗ੍ਰਿਫਤਾਰੀ ਤੋਂ ਬਾਅਦ ਵੀ ਜੈਨ ਦਿੱਲੀ ਸਰਕਾਰ ਵਿਚ ਮੰਤਰੀ ਬਣੇ ਹੋਏ ਸਨ, ਪਰ ਉਨ੍ਹਾਂ ਕੋਲ ਕੋਈ ਪੋਰਟਫੋਲੀਓ ਨਹੀਂ ਸੀ। ਚੇਤੇ ਰਹੇ ਕਿ ਸਿਸੋਦੀਆ ਨੂੰ ਸੀ.ਬੀ.ਆਈ. ਨੇ ਅਜਿਹੇ ਮੌਕੇ ਗ੍ਰਿਫ਼ਤਾਰ ਕੀਤਾ ਹੈ, ਜਦੋਂ ਉਨ੍ਹਾਂ ਅਗਲੇ ਦਿਨਾਂ ਵਿਚ ਦਿੱਲੀ ਸਰਕਾਰ ਨੇ ਬਜਟ ਪੇਸ਼ ਕਰਨਾ ਸੀ। ਸਿਸੋਦੀਆ ਨੇ ਅਸਤੀਫ਼ੇ ਵਿਚ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ਼ ਕਈ ਐੱਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ ਤੇ ਅਗਲੇ ਦਿਨਾਂ ਵਿਚ ਅਜਿਹੀਆਂ ਕਈ ਹੋਰ ਦਰਜ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਆਪਣੀ ਗ੍ਰਿਫ਼ਤਾਰੀ ਨੂੰ ਸਾਜ਼ਿਸ਼ ਕਰਾਰ ਦਿੱਤਾ।