#INDIA

ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਗਿਆਨਵਾਪੀ ਮਸਜ਼ਿਦ ਅਹਾਤੇ ‘ਚ ਚੱਲ ਰਿਹਾ ਸਰਵੇਖਣ ਦਾ ਕੰਮ ਰੋਕਿਆ

ਵਾਰਾਨਸੀ (ਯੂ.ਪੀ.), 24 ਜੁਲਾਈ (ਪੰਜਾਬ ਮੇਲ)- ਸੁਪਰੀਮ ਕੋਰਟ ਦੇ ਹੁਕਮਾਂ ਮਗਰੋਂ ਭਾਰਤੀ ਪੁਰਾਤਤਵ ਵਿਭਾਗ ਦੀ ਟੀਮ ਨੇ ਵਾਰਾਨਸੀ ਵਿਚ ਕਾਸ਼ੀ ਵਿਸ਼ਵਨਾਥ ਮੰਦਰ ਦੇ ਬਿਲਕੁਲ ਨਾਲ ਗਿਆਨਵਾਪੀ ਮਸਜਿਦ ਅਹਾਤੇ ਵਿਚ ਚੱਲ ਰਿਹਾ ਸਰਵੇਖਣ ਦਾ ਕੰਮ ਰੋਕ ਦਿੱਤਾ ਹੈ। ਵਾਰਾਨਸੀ ਦੇ ਡਿਵੀਜ਼ਨ ਕਮਿਸ਼ਨਰ ਕੌਸ਼ਲ ਰਾਜ ਸ਼ਰਮਾ ਨੇ ਕਿਹਾ ਕਿ ਸਰਵਉੱਚ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਸਰਵੇਖਣ ਦਾ ਕੰਮ ਰੋਕ ਦਿੱਤਾ ਹੈ। ਦੱਸ ਦੇਈਏ ਕਿ ਵਾਰਾਨਸੀ ਕੋਰਟ ਦੇ ਹੁਕਮਾਂ ਮਗਰੋਂ ਏ.ਐੱਸ.ਆਈ. ਦੀ 30 ਮੈਂਬਰੀ ਟੀਮ ਅੱਜ ਸਵੇਰੇ ਸੱਤ ਵਜੇ ਦੇ ਕਰੀਬ ਗਿਆਨਵਾਪੀ ਅਹਾਤੇ ਵਿਚ ਦਾਖ਼ਲ ਹੋਈ ਸੀ। ਇਸ ਕਾਨੂੰਨੀ ਵਿਵਾਦ ਵਿਚ ਹਿੰਦੂ ਪਟੀਸ਼ਨਰਾਂ ਵੱਲੋਂ ਪੇਸ਼ ਵਕੀਲਾਂ ‘ਚੋਂ ਇਕ ਸੁਭਾਸ਼ ਨੰਦਨ ਚਤੁਰਵੇਦੀ ਨੇ ਮਸਜਿਦ ਅਹਾਤੇ ਵਿਚੋਂ ਬਾਹਰ ਆਉਂਦਿਆਂ ਕਿਹਾ ਕਿ ਸਰਵੇਖਣ ਦਾ ਕੰਮ ਚਾਰ ਘੰਟਿਆਂ ਦੇ ਕਰੀਬ ਚੱਲਿਆ ਤੇ ਇਸ ਦੌਰਾਨ ਪੂਰੇ ਅਹਾਤੇ ਦਾ ਨਿਰੀਖਣ ਕੀਤਾ ਗਿਆ ਤੇ ਚਾਰ ਕੋਨਿਆਂ ‘ਤੇ ਚਾਰ ਟੀਮਾਂ ਤਾਇਨਾਤ ਕੀਤੀਆਂ ਗਈਆਂ। ਚਤੁਰਵੇਦੀ ਨੇ ਕਿਹਾ ਕਿ ਅਹਾਤੇ ਵਿਚਲੇ ਪੱਥਰਾਂ ਤੇ ਇੱਟਾਂ ਦੀ ਵੀ ਪੜਚੋਲ ਕੀਤੀ ਗਈ।

Leave a comment