#INDIA

ਸੁਪਰੀਮ ਕੋਰਟ ‘ਚ ਬਿਲਕੀਸ ਬਾਨੋ ਦੇ ਵਕੀਲ ਨੇ ਕੀਤਾ ਦਾਅਵਾ; ਮੁਸਲਮਾਨਾਂ ਦੇ ਖੂਨ ਦੇ ਪਿਆਸੇ ਸਨ ਮੁਲਜ਼ਮ

ਨਵੀਂ ਦਿੱਲੀ, 7 ਅਗਸਤ (ਪੰਜਾਬ ਮੇਲ)- ਸੁਪਰੀਮ ਕੋਰਟ ਵਿਚ ਅੱਜ ਬਿਲਕੀਸ ਬਾਨੋ ਦੇ ਵਕੀਲ ਨੇ ਦੱਸਿਆ ਕਿ ਬਿਲਕੀਸ ਬਾਨੋ ਸਮੂਹਿਕ ਜਬਰ ਜਨਾਹ ਅਤੇ ਉਸ ਦੇ ਸੱਤ ਪਰਿਵਾਰਿਕ ਮੈਂਬਰਾਂ ਦੀ ਹੱਤਿਆ ਕਤਲ ਕਰਨ ਵਾਲੇ ਮੁਸਲਮਾਨਾਂ ਦੇ ਖੂਨ ਦੇ ਪਿਆਸੇ ਸਨ ਤੇ ਇਸ ਵਿਚਾਰਧਾਰਾ ਕਾਰਨ ਉਨ੍ਹਾਂ ਨੇ ਸਾਲ 2002 ਦੇ ਗੁਜਰਾਤ ਦੰਗਿਆਂ ‘ਚ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ। ਇਸ ਮਾਮਲੇ ਦੀ ਸੁਣਵਾਈ ਅੱਜ ਜਸਟਿਸ ਬੀਵੀ ਨਾਗਾਰਤਨਾ ਤੇ ਉੱਜਲ ਭੂਯਨ ਦੇ ਬੈਂਚ ਦੀ ਅਗਵਾਈ ਹੇਠ ਹੋਈ।
ਇਸ ਮਾਮਲੇ ‘ਚ ਅਦਾਲਤ ਨੇ ਪਿਛਲੇ ਸਾਲ ਸਾਰੇ 11 ਦੋਸ਼ੀਆਂ ਨੂੰ ਮੁਆਫੀ ਦੇ ਦਿੱਤੀ ਸੀ, ਜਿਸ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਬਹਿਸ ਸ਼ੁਰੂ ਕਰਦਿਆਂ ਬਿਲਕੀਸ ਬਾਨੋ ਦੀ ਵਕੀਲ ਸ਼ੋਭਾ ਗੁਪਤਾ ਨੇ ਕਿਹਾ ਕਿ ਉਸ ਦੇ ਗਰਭਵਤੀ ਹੋਣ ਵੇਲੇ ਉਸ ਨਾਲ ਬੇਰਹਿਮੀ ਨਾਲ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ ਅਤੇ ਉਸ ਦੇ ਬੱਚੇ ਨੂੰ ਪੱਥਰਾਂ ਨਾਲ ਮਾਰਿਆ ਗਿਆ ਸੀ। ਉਹ ਹਮਲਾਵਰਾਂ ਅੱਗੇ ਤਰਲੇ ਕਰਦੀ ਰਹੀ ਕਿ ਉਹ ਉਨ੍ਹਾਂ ਦੀ ਭੈਣ ਵਰਗੀ ਹੈ ਕਿਉਂਕਿ ਉਹ ਉਨ੍ਹਾਂ ਸਾਰਿਆਂ ਨੂੰ ਜਾਣਦੀ ਸੀ, ਜੋ ਨੇੜਲੇ ਇਲਾਕੇ ਦੇ ਸਨ ਪਰ ਉਨ੍ਹਾਂ ਨੇ ਬਿਲਕੀਸ ਦੀ ਇਕ ਨਾ ਸੁਣੀ ਕਿਉਂਕਿ ਉਹ ਮੁਸਲਮਾਨਾਂ ਦੇ ਖੂਨ ਦੇ ਪਿਆਸੇ ਸਨ। ਉਨ੍ਹਾਂ ਨੇ ਨਾਅਰੇ ਲਾਏ, ‘ਇਹ ਮੁਸਲਮਾਨ ਹਨ, ਇਨ੍ਹਾਂ ਨੂੰ ਮਾਰੋ।’ ਸ਼ੋਭਾ ਗੁਪਤਾ ਨੇ ਸਰਵਉੱਚ ਅਦਾਲਤ ਦੇ ਬੈਂਚ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਵੀ ਇਸ ਅਪਰਾਧ ਨੂੰ ਦੁਰਲੱਭ, ਅਸਾਧਾਰਨ ਅਤੇ ਫਿਰਕੂ ਨਫ਼ਰਤ ਵੱਲੋਂ ਚਲਾਇਆ ਗਿਆ ਮੰਨਿਆ ਸੀ। ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਸਜ਼ਾ ਮੁਆਫੀ ਤੋਂ ਬਾਅਦ 15 ਅਗਸਤ, 2022 ਨੂੰ ਸਾਰੇ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ ਅਤੇ ਬਿਲਕਿਸ ਨੂੰ ਇਸ ਬਾਰੇ ਉਦੋਂ ਪਤਾ ਲੱਗਾ, ਜਦੋਂ ਉਸ ਨੇ ਜੇਲ੍ਹ ਦੇ ਬਾਹਰ ਉਨ੍ਹਾਂ ਨੂੰ ਜਸ਼ਨ ਮਨਾਉਂਦਿਆਂ ਦੇਖਿਆ। ਦੋਸ਼ੀਆਂ ਨੂੰ ਦਿੱਤੀ ਗਈ ਮੁਆਫੀ ਦਾ ਵਿਰੋਧ ਕਰਦਿਆਂ ਸ਼ੋਭਾ ਨੇ ਕਿਹਾ ਕਿ ਇਸ ਨਾਲ ਸਮਾਜ ਨੂੰ ਵੱਡੇ ਪੱਧਰ ‘ਤੇ ਗਲਤ ਸੰਦੇਸ਼ ਜਾਵੇਗਾ ਕਿਉਂਕਿ ਇਹ ਅਪਰਾਧ ਅਜਿਹੀ ਕਿਸਮ ਦਾ ਹੈ, ਜਿਸ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਦੀ ਸੁਣਵਾਈ ਭਲਕੇ ਮੁੜ ਸ਼ੁਰੂ ਹੋਵੇਗੀ।

Leave a comment