ਵਾਸ਼ਿੰਗਟਨ, 31 ਜਨਵਰੀ (ਪੰਜਾਬ ਮੇਲ)- ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਹੁਣ ਤੱਕ 62 ਘੰਟੇ 6 ਮਿੰਟ ਤੱਕ ਪੁਲਾੜ ਵਿਚ ਚਹਿਲਕਦਮੀ ਕਰਕੇ ਕਿਸੇ ਔਰਤ ਦੁਆਰਾ ਪੁਲਾੜ ਵਿਚ ਸਭ ਤੋਂ ਲੰਬੇ ਸਮੇਂ ਤੱਕ ਸਪੇਸਵਾਕ ਦਾ ਰਿਕਾਰਡ ਤੋੜ ਦਿੱਤਾ ਹੈ। ਜੂਨ 2024 ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ.ਐੱਸ.ਐੱਸ.) ‘ਤੇ ਫਸੀ ਵਿਲੀਅਮਜ਼ ਅਤੇ ਉਸਦੇ ਸਹਿਯੋਗੀ ਬੁੱਚ ਵਿਲਮੋਰ ਨੇ ਵੀਰਵਾਰ ਨੂੰ ਪੁਲਾੜ ‘ਚ ਚਹਿਲਕਦਮੀ ਕੀਤੀ। ਦੋਵਾਂ ਨੇ ਆਈ.ਐੱਸ.ਐੱਸ. ਦੇ ਬਾਹਰ ਜਾ ਕੇ ਖਰਾਬ ਹੋ ਚੁੱਕੇ ਰੇਡੀਓ ਸੰਚਾਰ ਹਾਰਡਵੇਅਰ ਨੂੰ ਹਟਾਇਆ ਅਤੇ ਨਮੂਨੇ ਇਕੱਠੇ ਕੀਤੇ, ਜਿਨ੍ਹਾਂ ਤੋਂ ਇਹ ਪਤਾ ਲੱਗ ਸਕੇ ਕਿ ਚੱਕਰ ਲਗਾ ਰਹੀ ਪ੍ਰਯੋਗਸ਼ਾਲਾ ਦੇ ਬਾਹਰਲੇ ਹਿੱਸੇ ਵਿਚ ਰੋਗਾਣੂ ਮੌਜੂਦ ਹਨ ਜਾਂ ਨਹੀਂ।
ਪੁਲਾੜ ਵਿਚ ਚਹਿਲਕਦਮੀ ਪੂਰਬੀ ਤੱਟ ਦੇ ਸਮੇਂ (ਈ.ਐੱਸ.ਟੀ.) ਮੁਤਾਬਕ ਸਵੇਰੇ 7:43 ਵਜੇ ਸ਼ੁਰੂ ਹੋਈ ਅਤੇ ਦੁਪਹਿਰ 1:09 ਵਜੇ ਸਮਾਪਤ ਹੋਈ। ਇਹ ਪ੍ਰਕਿਰਿਆ 5 ਘੰਟੇ 26 ਮਿੰਟ ਤੱਕ ਚੱਲੀ। ਇਹ ਸੁਨੀਤਾ ਵਿਲੀਅਮਜ਼ ਦੀ 9ਵੀਂ ਸਪੇਸਵਾਕ ਸੀ। ਈ.ਐੱਸ.ਟੀ. ਦਾ ਅਰਥ ਹੈ ਅਮਰੀਕੀ ਮਿਆਰੀ ਸਮਾਂ ਜੋ ਕਿ ਆਈ.ਐੱਸ.ਟੀ. (ਭਾਰਤੀ ਮਿਆਰੀ ਸਮਾਂ) ਤੋਂ 10.5 ਘੰਟੇ ਪਿੱਛੇ ਹੈ। ਨਾਸਾ ਨੇ ‘ਐਕਸ’ ‘ਤੇ ਇੱਕ ਪੋਸਟ ਵਿਚ ਕਿਹਾ, ”ਨਾਸਾ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੇ ਸਾਬਕਾ ਪੁਲਾੜ ਯਾਤਰੀ ਪੈਗੀ ਵਿਟਸਨ ਦੇ ਸਭ ਤੋਂ ਲੰਬੇ ਸਮੇਂ ਤੱਕ ਪੁਲਾੜ ਵਿਚ ਚਹਿਲਕਦਮੀ ਦੇ ਸਮੇਂ 60 ਘੰਟੇ ਅਤੇ 21 ਮਿੰਟ ਨੂੰ ਪਾਰ ਕਰ ਲਿਆ ਹੈ।”
ਨਾਸਾ ਅਨੁਸਾਰ, ਵਿਲੀਅਮਜ਼ ਦਾ ਹੁਣ ਤੱਕ ਦਾ ਕੁੱਲ ਸਪੇਸਵਾਕ ਸਮਾਂ 62 ਘੰਟੇ ਅਤੇ 6 ਮਿੰਟ ਹੈ, ਜੋ ਕਿ ਨਾਸਾ ਦੀ ਆਲ-ਟਾਈਮ ਸੂਚੀ ਵਿਚ ਚੌਥੇ ਸਥਾਨ ‘ਤੇ ਹੈ। ਵਿਲੀਅਮਜ਼ (59) ਅਤੇ ਵਿਲਮੋਰ ਜੂਨ 2024 ਵਿਚ ਬੋਇੰਗ ਦੇ ਸਟਾਰਲਾਈਨਰ ‘ਤੇ ਸਵਾਰ ਹੋ ਕੇ ਆਈ.ਐੱਸ.ਐੱਸ. ਦੇ 8 ਦਿਨਾਂ ਮਿਸ਼ਨ ‘ਤੇ ਗਏ ਸਨ। ਹਾਲਾਂਕਿ, ਹੀਲੀਅਮ ਲੀਕ ਅਤੇ ਥਰਸਟਰ ਦੀ ਖਰਾਬੀ ਵਰਗੀਆਂ ਤਕਨੀਕੀ ਸਮੱਸਿਆਵਾਂ ਕਾਰਨ ਉਹ ਉਥੇ ਫਸ ਗਏ। ਨਾਸਾ ਦੀ ਯੋਜਨਾ ਮਾਰਚ ਦੇ ਅਖੀਰ ਵਿਚ ਬੋਇੰਗ ਦੀ ਵਿਰੋਧੀ ਕੰਪਨੀ ਸਪੇਸਐਕਸ ਦੁਆਰਾ ਬਣਾਏ ਗਏ ਪੁਲਾੜ ਯਾਨ ਰਾਹੀਂ ਉਨ੍ਹਾਂ ਨੂੰ ਧਰਤੀ ‘ਤੇ ਵਾਪਸ ਲਿਆਉਣ ਦੀ ਹੈ। ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ, ਪੁਲਾੜ ਯਾਤਰੀਆਂ ਨੇ ਸੁਰੱਖਿਅਤ ਘਰ ਵਾਪਸੀ ਦੀ ਉਡੀਕ ਕਰਦੇ ਹੋਏ ਆਈ.ਐੱਸ.ਐੱਸ. ‘ਤੇ ਆਪਣਾ ਕੰਮ ਜਾਰੀ ਰੱਖਿਆ ਹੈ।
ਸੁਨੀਤਾ ਵਿਲੀਅਮਜ਼ ਨੇ ਸਪੇਸ ਸਟੇਸ਼ਨ ਤੋਂ ਬਾਹਰ 62 ਘੰਟੇ 6 ਮਿੰਟ ਬਿਤਾ ਕੇ ਬਣਾਇਆ ਰਿਕਾਰਡ
