#CANADA

ਸੁਖੀ ਜੀਵਨ ਬਤੀਤ ਕਰਨ ਲਈ ਚੰਗੇਰੀ ਜੀਵਨ ਜਾਚ ਦੀ ਲੋੜ – ਠਾਕੁਰ ਦਲੀਪ ਸਿੰਘ

ਸਰੀ, 27 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)- ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਸੁਖੀ ਜੀਵਨ ਬਤੀਤ ਕਰਨ ਲਈ ਚੰਗੇਰੀ ਜੀਵਨ ਜਾਚ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਚੰਗੇ ਗੁਣਾਂ ਦੇ ਧਾਰਨੀ ਹੋ ਕੇ ਹੀ ਸੁਖੀ ਜੀਵਨ ਮਾਣਿਆਂ ਜਾ ਸਕਦਾ ਹੈ।
ਆਪਣੇ ਇਕ ਸੰਦੇਸ਼ ਰਾਹੀਂ ਉਨ੍ਹਾਂ ਕਿਹਾ ਹੈ ਕਿ ਅੱਜ ਹਰ ਪ੍ਰਾਣੀ ਆਪਣਾ ਜੀਵਨ ਸੁਖੀ ਬਤੀਤ ਕਰਨਾ ਚਾਹੁੰਦਾ ਹੈ ਅਤੇ ਕੋਈ ਵੀ ਦੁਖੀ ਨਹੀਂ ਹੋਣਾ ਚਾਹੁੰਦਾ ਪਰ ਇਹ ਸਮਝਣ ਦੀ ਲੋੜ ਹੈ ਕਿ ਮਨ ਦੇ ਦੁੱਖ ਅਤੇ ਤਨ ਦੇ ਦੁੱਖ ਦੋਵੇਂ ਵੱਖਰੇ-ਵੱਖਰੇ ਹਨ। ਜਦੋਂ ਮਨ ਦੁਖੀ ਹੁੰਦਾ ਹੈ ਤਾਂ ਉਹ ਤਨ ਨੂੰ ਵੀ ਦੁਖੀ ਕਰ ਦਿੰਦਾ ਹੈ ਅਤੇ ਜਦੋਂ ਤਨ ਦੁਖੀ ਹੁੰਦਾ ਹੈ ਤਾਂ ਉਹ ਮਨ ਨੂੰ ਵੀ ਕਰਦਾ ਹੈ। ਪਰੰਤੂ, ਤਨ ਦੇ ਦੁਖੀ ਹੋਣ ਦਾ ਏਨਾ ਪ੍ਰਭਾਵ ਨਹੀਂ ਹੁੰਦਾ, ਜਿੰਨਾ ਮਨ ਦੇ ਦੁਖੀ ਹੋਣ ਦਾ ਪ੍ਰਭਾਵ ਤਨ ਉੱਤੇ ਪੈਂਦਾ ਹੈ।
ਠਾਕੁਰ ਦਲੀਪ ਸਿੰਘ ਨੇ ਜੀਵਨ ਜਾਚ ਸਮਝਾਉਂਦਿਆਂ ਦੱਸਿਆ ਕਿ ਸਚਮੁਚ ਸੁਖੀ ਜੀਵਨ ਬਤੀਤ ਕਰਨ ਦੀ ਇੱਛਾ ਰੱਖਣ ਵਾਲਿਆਂ ਨੂੰ ਕਿਸੇ ਹੋਰ ਦੇ ਔਗੁਣ ਦੇਖਣੇ ਅਤੇ ਗਲਤੀਆਂ ਕੱਢਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਅਤੇ ਆਤਮ-ਝਾਤ ਮਾਰ ਕੇ ਆਪਣੀਆਂ ਗਲਤੀਆਂ ਅਤੇ ਔਗੁਣ ਲੱਭਣੇ ਚਾਹੀਦੇ ਹਨ। ਆਤਮ-ਵਿਸ਼ਲੇਸ਼ਣ ਕਰਕੇ ਆਪਣੀਆਂ ਗਲਤੀਆਂ ਨੂੰ ਸੁਧਾਰਨਾ ਸ਼ੁਰੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਕਿ ਕਿਸੇ ਦੇ ਗੁਣ ਦੇਖ ਕੇ ਉਨ੍ਹਾਂ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਕਿਸੇ ਵਿਅਕਤੀ ਦੇ ਚੰਗੇ ਗੁਣਾਂ ਦੀ ਨਕਲ ਕਰਨੀ ਚਾਹੀਦੀ ਹੈ। ਜਿਵੇਂ: ਜੇ ਕੋਈ ਮੁਸਕਰਾ ਕੇ ਮਿਲਦਾ ਹੈ, ਕਿਸੇ ਦਾ ਗੁਣ ਹੈ ਕਿ ਉਹ ਬੜੀ ਮਿੱਠੀ ਬੋਲੀ ਬੋਲਦਾ ਹੈ ਤਾਂ ਅਜਿਹੇ ਗੁਣਾਂ ਨੂੰ ਅਪਨਾਉਣਾ ਸ਼ੁਰੂ ਕਰਨ ਨਾਲ ਹਰ ਇਕ ਦਾ ਜੀਵਨ ਇੱਕ-ਦੋ ਦਿਨ ਵਿਚ ਹੀ ਸੁਖੀ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਇਕ ਮਹੀਨੇ ਦੇ ਅੰਦਰ ਪ੍ਰਤੱਖ ਪਤਾ ਲੱਗ ਜਾਵੇਗਾ ਕਿ ਕਿੰਨੇ ਸੁਖੀ ਹੋ ਗਏ ਹਾਂ ਅਤੇ ਪਹਿਲਾਂ ਤੁਸੀਂ ਕਿੰਨੇ ਦੁਖੀ ਸੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਅਜਿਹਾ ਕਰਨ ਲਈ ਕਠਿਨ ਅਭਿਆਸ ਕਰਨ ਦੀ ਲੋੜ ਹੈ “ਯਦਾ ਯਦਾ ਅਭਿਆਸ ਸੇ ਜੜਮਤ ਹੋਤ ਸੁਜਾਨ”। ਆਤਮ-ਵਿਸ਼ਲੇਸਣ ਅਤੇ ਅਭਿਆਸ ਕਰਕੇ ਹੀ ਸਚਮੁਚ ਸੁਖੀ ਜੀਵਨ ਜੀਵਿਆ ਅਤੇ ਮਾਣਿਆਂ ਜਾ ਸਕਦਾ ਹੈ।

Leave a comment