ਸੀਰੀਆ, 7 ਅਕਤੂਬਰ (ਪੰਜਾਬ ਮੇਲ)- ਸੀਰੀਆ ਦੀ ਇਕ ਮਿਲਟਰੀ ਅਕੈਡਮੀ ‘ਤੇ ਡਰੋਨ ਹਮਲੇ ਦੀ ਖਬਰ ਸਾਹਮਣੇ ਆਈ ਹੈ, ਜਿਸ ‘ਚ ਘੱਟੋ-ਘੱਟ 125 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਹ ਹਮਲਾ ਸੀਰੀਆ ਦੇ ਹੋਮਸ ਸ਼ਹਿਰ ਵਿੱਚ ਸਥਿਤ ਮਿਲਟਰੀ ਕਾਲਜ ਵਿੱਚ ਕੀਤਾ ਗਿਆ। ਜਦੋਂ ਇਹ ਹਮਲਾ ਹੋਇਆ, ਉਸ ਸਮੇਂ ਉੱਥੇ ਗ੍ਰੈਜੂਏਸ਼ਨ ਸਮਾਰੋਹ ਚੱਲ ਰਿਹਾ ਸੀ। ਇਸ ਡਰੋਨ ਹਮਲੇ ‘ਚ 125 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈ।
ਇਸ ਡਰੋਨ ਹਮਲੇ ‘ਚ ਦਰਜਨਾਂ ਲੋਕ ਜ਼ਖਮੀ ਵੀ ਹੋਏ ਹਨ। ਇਕ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਰੀਆ ਦੇ ਰੱਖਿਆ ਮੰਤਰੀ ਦੇ ਗ੍ਰੈਜੂਏਸ਼ਨ ਸਮਾਰੋਹ ‘ਚੋਂ ਨਿਕਲਣ ਦੇ ਕੁਝ ਮਿੰਟਾਂ ਬਾਅਦ ਹੀ ਇਕ ਹਥਿਆਰਬੰਦ ਡਰੋਨ ਨੇ ਉਸ ਜਗ੍ਹਾ ‘ਤੇ ਬੰਬਾਰੀ ਕੀਤੀ। ਬਿਆਨ ਵਿੱਚ ਕਿਸੇ ਸੰਗਠਨ ਦਾ ਜ਼ਿਕਰ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਸਮੂਹ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਸੀਰੀਆਈ ਫੌਜ ਨੇ ਹਮਲੇ ਲਈ ਜਾਣੇ-ਪਛਾਣੇ ਅੰਤਰਰਾਸ਼ਟਰੀ ਬਲਾਂ ਦੁਆਰਾ ਸਮਰਥਨ ਪ੍ਰਾਪਤ ਬਾਗੀਆਂ ਨੂੰ ਜ਼ਿੰਮੇਵਾਰ ਠਹਿਰਾਇਆ, ਹਾਲਾਂਕਿ ਅਜੇ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਨੂੰ ਜੰਗ ਪ੍ਰਭਾਵਿਤ ਸੀਰੀਆ ‘ਚ ਵੱਡੇ ਡਰੋਨ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ। ਸੀਰੀਆ ਦੇ ਫੌਜੀ ਟਿਕਾਣਿਆਂ ‘ਤੇ ਇਸ ਨੂੰ ਹੁਣ ਤੱਕ ਦਾ ਸਭ ਤੋਂ ਖੂਨੀ ਹਮਲਾ ਮੰਨਿਆ ਜਾ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਸੀਰੀਆ ਪਿਛਲੇ 12 ਸਾਲਾਂ ਤੋਂ ਘਰੇਲੂ ਯੁੱਧ ਦੀ ਤ੍ਰਾਸਦੀ ਨਾਲ ਜੂਝ ਰਿਹਾ ਹੈ।