ਖੰਨਾ, 5 ਸਤੰਬਰ (ਪੰਜਾਬ ਮੇਲ)- ਇਲਾਕੇ ਦੇ ਉੱਘੇ ਕਾਂਗਰਸੀ ਆਗੂ ਰਾਜਦੀਪ ਸਿੰਘ ਦੇ ਘਰ ਅਤੇ ਉਨ੍ਹਾਂ ਦੇ ਹੋਰ ਵਪਾਰਕ ਅਦਾਰਿਆਂ ‘ਤੇ ਈ.ਡੀ. ਵੱਲੋਂ ਛਾਪਾ ਮਾਰਿਆ ਗਿਆ। ਜ਼ਿਕਰਯੋਗ ਹੈ ਕਿ ਰਾਜਦੀਪ ਸਿੰਘ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਹਲਕਾ ਸਮਰਾਲਾ ਕਾਂਗਰਸ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾਗਿੱਲ ਦੇ ਅਤਿ ਕਰੀਬੀ ਸਾਥੀ ਹਨ। ਜਲੰਧਰ ਤੋਂ ਆਏ ਈ.ਡੀ. ਦੇ ਅਧਿਕਾਰੀਆਂ ਨੇ ਖੰਨਾ ਨੇੜਲੇ ਪਿੰਡ ਇਕੋਲਾਹੀ ਵਿਚ ਰਾਜਦੀਪ ਦੇ ਘਰ ਤੋਂ ਇਲਾਵਾ ਅਨਾਜ ਮੰਡੀ ਖੰਨਾ ਵਿਚ ਆੜ੍ਹਤ ਵਾਲੀ ਦੁਕਾਨ ਅਤੇ ਇੱਥੋਂ ਦੀ ਮਾਰਕੀਟ ਖੰਨਾ ਸਿਟੀ ਸੈਂਟਰ ‘ਤੇ ਵੀ ਛਾਪਾ ਮਾਰਿਆ। ਇਹ ਦੋਵੇਂ ਵਪਾਰਕ ਅਦਾਰੇ ਰਾਜਦੀਪ ਦੇ ਰਾਜਾਗਿੱਲ ਨਾਲ ਸਾਂਝੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਛਾਪੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਜੋ ਟੈਂਡਰ ਘੁਟਾਲੇ ਦੇ ਮਾਮਲੇ ਵਿਚ ਈਡੀ ਦੀ ਗ੍ਰਿਫ਼ਤ ਵਿਚ ਹੋਣ ਕਰਕੇ ਜੇਲ੍ਹ ਵਿਚ ਹਨ, ਦੇ ਨਾਲ ਜੁੜੇ ਮਾਮਲੇ ਸਬੰਧੀ ਮਾਰੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਰਾਜਦੀਪ ਦੀ ਆਮਦਨ ਤੋਂ ਜ਼ਿਆਦਾ ਜਾਇਦਾਦ ਦੀ ਜਾਂਚ ਹੋ ਰਹੀ ਹੈ।