#PUNJAB

ਸੀਨੀਅਰ ਐਡਵੋਕੇਟ ਸ. ਫੂਲਕਾ ਵੱਲੋਂ ਸਿੱਖ ਗੁਰਦੁਆਰਾ ਸੋਧ ਬਿੱਲ ਵਾਪਸ ਲੈਣ ਦੀ ਅਪੀਲ

ਕਿਹਾ: ਗੁਰਦੁਆਰਾ ਸੋਧ ਬਿੱਲ ਪਾਸ ਕਰਨਾ ਖ਼ਤਰਨਾਕ
ਚੰਡੀਗੜ੍ਹ, 24 ਜੂਨ (ਪੰਜਾਬ ਮਲ)- ਸੀਨੀਅਰ ਐਡਵੋਕੇਟ ਅਤੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖ ਗੁਰਦੁਆਰਾ ਸੋਧ ਬਿੱਲ ਨੂੰ ਵਾਪਸ ਲਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ-1925 ਵਿਚ ਆਪਮੁਹਾਰੇ ਸੋਧ ਕਰਨਾ ਖ਼ਤਰਨਾਕ ਪ੍ਰੰਪਰਾ ਹੈ, ਜੋ ਸਰਕਾਰਾਂ ਲਈ ਰਵਾਇਤ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਸਿੱਖ ਗੁਰਦੁਆਰਾ ਐਕਟ ਬਣਿਆ ਹੈ, ਉਦੋਂ ਤੋਂ ਅੱਜ ਤੱਕ ਜਿੰਨੀਆਂ ਵੀ ਸੋਧਾਂ ਜਾਂ ਤਬਦੀਲੀਆਂ ਹੋਈਆਂ ਹਨ, ਉਹ ਸ਼੍ਰੋਮਣੀ ਕਮੇਟੀ ਜਾਂ ਸਿੱਖ ਕੌਮ ਦੀ ਸਹਿਮਤੀ ਨਾਲ ਹੋਈਆਂ ਹਨ, ਕਿਸੇ ਵੀ ਸਰਕਾਰ ਨੇ ਖੁਦ ਅਜਿਹੀ ਸੋਧ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ 1958-59 ਵਿਚ ਇੱਕ ਵਾਰੀ ਇੱਕ ਤਬਦੀਲੀ ਕੀਤੀ ਸੀ, ਉਸ ਵੇਲੇ ਸਿੱਖਾਂ ਵੱਲੋਂ ਵੱਡਾ ਵਿਰੋਧ ਹੋਇਆ ਸੀ। ਉਨ੍ਹਾਂ ਕਿਹਾ ਕਿ ਨਹਿਰੂ-ਮਾਸਟਰ ਤਾਰਾ ਸਿੰਘ ਸਮਝੌਤੇ ਵਿਚ ਇਹ ਤੈਅ ਹੋਇਆ ਸੀ ਕਿ ਸ਼੍ਰੋਮਣੀ ਕਮੇਟੀ ਦੇ ਪਾਸ ਕੀਤੇ ਮਤੇ ਤੋਂ ਬਿਨਾਂ ਕੋਈ ਸੋਧ ਨਹੀਂ ਹੋਵੇਗੀ ਪਰ ਮੌਜੂਦਾ ਸਰਕਾਰ ਨੇ ਆਪ ਮੁਹਾਰੇ ਸੋਧ ਕਰਕੇ ਖਤਰਨਾਕ ਪ੍ਰੰਪਰਾ ਦੀ ਸ਼ੁਰੂਆਤ ਕਰ ਦਿੱਤੀ ਹੈ। ਸ਼੍ਰੀ ਫੂਲਕਾ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਸਿੱਖ ਜਥੇਬੰਦੀਆਂ ਅਤੇ ਪਤਵੰਤੇ ਸਿੱਖ ਰਾਸ਼ਟਰਪਤੀ, ਰਾਜਪਾਲ, ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਚਿੱਠੀਆਂ ਲਿਖਣ ਕਿ ਸਿੱਖਾਂ ਅਤੇ ਭਾਰਤ ਸਰਕਾਰ ਦੇ ਸਮਝੌਤੇ ਦੀ ਕਿਸੇ ਵੀ ਹਾਲਤ ਵਿਚ ਉਲੰਘਣਾ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਸੋਧ ਕਰਕੇ ਬਾਦਲਾਂ ਦਾ ਨੁਕਸਾਨ ਨਹੀਂ ਕੀਤਾ, ਬਲਕਿ ਬਾਦਲਾਂ ਨੂੰ ਆਕਸੀਜਨ ਦੇਣ ਦਾ ਕੰਮ ਕੀਤਾ ਹੈ ਕਿਉਂਕਿ ਬਾਦਲਾਂ ਕੋਲ ਹੁਣ ਤੱਕ ਕੋਈ ਮੁੱਦਾ ਨਹੀਂ ਸੀ।

Leave a comment