#PUNJAB

ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਮੁੱਖ ਜਾਂਚਕਰਤਾ ਐੱਚ.ਐੱਸ. ਧਾਲੀਵਾਲ ਅੰਡੇਮਾਨ ਤੇ ਨਿਕੋਬਾਰ ਦੇ ਡੀ.ਜੀ.ਪੀ. ਤਾਇਨਾਤ

ਚੰਡੀਗੜ੍ਹ, 27 ਅਗਸਤ (ਪੰਜਾਬ ਮੇਲ)- ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਜਾਂਚਕਰਤਾ ਆਈਪੀਐੱਸ ਅਧਿਕਾਰੀ ਹਰਗੋਬਿੰਦਰ ਸਿੰਘ ਧਾਲੀਵਾਲ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਡੀ.ਜੀ.ਪੀ. ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਅੱਜ ਅਹੁਦਾ ਸੰਭਾਲਿਆ। ਅੱਜ ਉਨ੍ਹਾਂ ਦਾ ਜਨਮ ਦਿਨ ਵੀ ਹੈ। ਮੋਗਾ ਦੇ ਪਿੰਡ ਜ਼ਫਰਨਾਮਾ ਦੇ ਰਹਿਣ ਵਾਲੇ ਸ਼੍ਰੀ ਧਾਲੀਵਾਲ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਇੱਕ ਹੋਰ ਸਨਸਨੀਖੇਜ਼ ਕਤਲ ਕੇਸ ਦਾ ਵੀ ਪਰਦਾਫਾਸ਼ ਕੀਤਾ ਸੀ। ਉਨ੍ਹਾਂ ਦੀ ਟੀਮ ਨੇ ਖਿਡਾਰੀ ਨੂੰ ਗੋਲੀ ਮਾਰਨ ਵਾਲੇ ਗਰੋਹ ਨੂੰ ਗ੍ਰਿਫਤਾਰ ਕੀਤਾ ਸੀ। ਸ਼੍ਰੀ ਧਾਲੀਵਾਲ ਦੀ ਅਗਵਾਈ ਹੇਠ ਦਿੱਲੀ ਦੀਆਂ ਪੁਲਿਸ ਟੀਮਾਂ ਨੇ ਮੂਸੇਵਾਲਾ ਕੇਸ ਦੇ ਛੇ ਸ਼ੂਟਰਾਂ ਵਿਚੋਂ ਤਿੰਨ ਨੂੰ ਗ੍ਰਿਫਤਾਰ ਕੀਤਾ ਸੀ। ਦਿੱਲੀ ਪੁਲਿਸ ਨੇ ਨੇਪਾਲ ਸਰਹੱਦ ਦੇ ਨੇੜੇ ਤੋਂ ਚੌਥੇ ਨਿਸ਼ਾਨੇਬਾਜ਼ ਦੀਪਕ ਮੁੰਡੀ ਨੂੰ ਲੱਭਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਸੀ। ਉਸ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਸ਼੍ਰੀ ਧਾਲੀਵਾਲ ਕਿਸੇ ਸਮੇਂ ਚੰਡੀਗੜ੍ਹ ਦੇ ਐੱਸ.ਪੀ. (ਅਪ੍ਰੇਸ਼ਨਜ਼) ਵਜੋਂ ਵੀ ਤਾਇਨਾਤ ਸਨ।