ਮਾਨਸਾ, 11 ਅਕਤੂਬਰ (ਪੰਜਾਬ ਮੇਲ)- ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਨਾਮਜ਼ਦ ਸਚਿਨ ਥਾਪਨ ਬਿਸ਼ਨੋਈ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਮਾਨਸਾ ਦੀ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵੱਲੋਂ ਉਸ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਮਾਨਸਾ ਜੇਲ੍ਹ ਭੇਜ ਦਿੱਤਾ ਗਿਆ ਹੈ ਅਤੇ ਅਗਲੀ ਤਾਰੀਖ 23 ਅਕਤੂਬਰ ਨਿਸ਼ਚਿਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਮਾਨਸਾ ਪੁਲਿਸ ਵੱਲੋਂ ਮੋਹਾਲੀ ਦੀ ਇਕ ਲੈਬ ‘ਚ ਸਚਿਨ ਥਾਪਨ ਦੇ ਵਾਇਸ ਸੈਂਪਲ ਵੀ ਲਏ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਨਾਮਜ਼ਦ ਸਚਿਨ ਥਾਪਨ ਨੂੰ 29 ਸਤੰਬਰ ਨੂੰ ਪੇਸ਼ ਕੀਤਾ ਗਿਆ ਸੀ, ਜਿੱਥੇ ਮਾਣਯੋਗ ਅਦਾਲਤ ਵੱਲੋਂ ਇਸ ਦਾ 8 ਦਿਨਾ ਪੁਲਿਸ ਰਿਮਾਂਡ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਫਿਰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਇਸ ਦਾ 6 ਅਕਤੂਬਰ ਤੋਂ 10 ਅਕਤੂਬਰ ਤੱਕ ਦਾ ਪੁਲਿਸ ਰਿਮਾਂਡ ਸੀ। ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਦੁਬਾਰਾ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਸਚਿਨ ਥਾਪਨ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।