#AMERICA

‘ਸਿੱਖ ਕੌਂਸਲ ਆਫ਼ ਸੈਂਟਰਲ ਕੈਲੀਫੋਰਨੀਆ’ ਵੱਲੋਂ ਭਾਰਤੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਸਨਮਾਨ

ਫਰਿਜ਼ਨੋ, 8 ਨਵੰਬਰ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਭਾਰਤ ਦੇ ਕਿਰਸਾਨੀ ਸੰਘਰਸ਼ ਵਿਚ ਆਪਣੀ ਸਿਆਣਪ ਨਾਲ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਲਝੇ ਹੋਏ ਸੀਨੀਅਰ ਕਿਸਾਨ ਆਗੂ ਸ. ਬਲਬੀਰ ਸਿੰਘ ਰਾਜੇਵਾਲ ਆਪਣੀ ਅਮਰੀਕਾ ਦੀ ਫੇਰੀ ਦੌਰਾਨ ਵੱਖ-ਵੱਖ ਮੀਟਿੰਗਾਂ ਰਾਹੀਂ ਭਾਰਤ ਵਿਚ ਕਿਸਾਨ ਸੰਘਰਸ਼ ਵਿਚ ਦਿੱਤੇ ਵੱਡਮੁੱਲੇ ਯੋਗਦਾਨ ਬਦਲੇ ਸਮੁੱਚੇ ਭਾਈਚਾਰੇ ਦਾ ਧੰਨਵਾਦ ਕਰ ਰਹੇ ਹਨ।
ਇਸੇ ਲੜੀ ਤਹਿਤ ਫਰਿਜ਼ਨੋ ਵਿਖੇ ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਵੱਲੋਂ ਉਨ੍ਹਾਂ ਦੇ ਸਤਿਕਾਰ ਵਿਚ ਦੁਪਿਹਰ ਦੀ ਖਾਣੇ ਦੀ ਦਾਅਵਤ ਦਿੱਤੀ ਗਈ। ਜਿੱਥੇ ਸਿੱਖ ਕੌਂਸਲ ਦੇ ਜਨਰਲ ਸਕੱਤਰ ਸ. ਸੁਖਦੇਵ ਸਿੰਘ ਚੀਮਾ ਨੇ ਸ. ਰਾਜੇਵਾਲ ਨੂੰ ਜੀ ਆਇਆਂ ਕਹਿੰਦੇ ਹੋਏ ਨਿੱਘਾ ਸੁਆਗਤ ਕੀਤਾ ਅਤੇ ਇੰਨੇ ਛੋਟੇ ਨੋਟਿਸ ‘ਤੇ ਸਾਡਾ ਸੱਦਾ ਸਵੀਕਾਰ ਕਰਨ ਲਈ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਸਮੇਂ ਰਾਜੇਵਾਲ ਨੇ ਪੰਜਾਬ ਅਤੇ ਖਾਸ ਕਰਕੇ ਕਿਸਾਨ ਭਾਈਚਾਰੇ ਦੀ ਮੌਜੂਦਾ ਸਥਿਤੀ ਬਾਰੇ ਕੌਂਸਲ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ‘ਭਾਰਤ ਦੀ ਕਿਸਾਨੀ’ ਵਿਸ਼ੇ ‘ਤੇ ਮੈਂਬਰਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ।
ਇਸ ਸਮੇਂ ਸਿੱਖ ਕੌਂਸਲ ਦੇ ਮੈਂਬਰ, ਗੁਰਜੰਟ ਸਿੰਘ ਗਿੱਲ, ਸ. ਰਾਜਵਿੰਦਰ ਪਾਲ ਸਿੰਘ ਬਰਾੜ, ਸ. ਗੁਰਬਚਨ ਸਿੰਘ, ਸ. ਚਰਨਜੀਤ ਸਿੰਘ ਬਾਠ, ਸ. ਜਸਦੀਪ ਸਿੰਘ ਸ਼ੋਕਰ, ਸ. ਸੁਖਵਿੰਦਰ ਕੌਰ ਸਰਾਂ (ਪਰਿਵਾਰ ਸਮੇਤ), ਸ. ਚਰਨਜੀਤ ਸਿੰਘ ਸਿਹੋਤਾ, ਸ. ਭਰਪੂਰ ਸਿੰਘ ਧਾਲੀਵਾਲ, ਸ. ਪਸ਼ੌਰਾ ਸਿੰਘ ਢਿੱਲੋਂ, ਸ. ਗੁਰਦੀਪ ਸਿੰਘ ਸ਼ੇਰਗਿੱਲ, ਸ. ਸਤਵਿੰਦਰ ਸਿੰਘ ਬਲੱਗਣ, ਸ. ਦਵਿੰਦਰਪਾਲ ਸਿੰਘ ਸ਼ੇਰਗਿੱਲ, ਸ. ਕੇਵਲ ਸਿੰਘ ਹੁੰਦਲ, ਸ. ਗੁਰਪ੍ਰੀਤ ਸਿੰਘ ਬਰਾੜ, ਸ. ਪਰਮਪਾਲ ਸਿੰਘ ਅਤੇ ਮੀਟਿੰਗ ਵਿਚ ਕਮਿਊਨਿਟੀ ਮੈਂਬਰ ਸ਼੍ਰੀ ਕੁਲਦੀਪ ਸਿੰਘ ਨੰਬਰਦਾਰ, ਸ਼੍ਰੀ ਅਮਨਪ੍ਰੀਤ ਸਿੰਘ ਧਾਲੀਵਾਲ, ਸ਼੍ਰੀ ਕੁਲਦੀਪ ਸਿੰਘ ਕਾਲੇਕਾ ਅਤੇ ਡਾ: ਅਰਜੁਨ ਜੋਸ਼ਨ ਆਦਿਕ ਹਾਜ਼ਰ ਹੋਏ।
ਅੰਤ ਵਿਚ ਜਸਦੀਪ ਸਿੰਘ ਸ਼ੋਕਰ ਨੇ ਮੀਟਿੰਗ ਵਿਚ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਆਪਣੇ ਭਾਈਚਾਰਕ ਕਾਰਜਾਂ ਵਿਚ ਵੱਧ-ਚੜ੍ਹ ਕੇ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ।