ਫਰਿਜ਼ਨੋ, 8 ਮਾਰਚ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਪੰਜਾਬੀ ਭਾਈਚਾਰੇ ਦੀ ਬਹੁਪੱਖੀ ਸਤਿਕਾਰਤ ਸ਼ਖ਼ਸੀਅਤ, ਉੱਘੇ ਸਮਾਜ-ਸੇਵੀ, ਵੱਖ-ਵੱਖ ਸੰਸਥਾਵਾਂ ਵਿਚ ਬਤੌਰ ਸੰਚਾਲਕ ਅਤੇ ਆਲ ਇੰਡੀਆ ਰੇਡੀਓ ਦੇ ਨਿਊਜ਼ ਐਡੀਟਰ ਸ. ਅਮਰੀਕ ਸਿੰਘ ਵਿਰਕ ਬੀਤੇ ਦਿਨੀਂ ਆਪਣੀ 76 ਸਾਲਾ ਦੀ ਪਰਿਵਾਰਕ ਖੁਸ਼ਹਾਲ ਜ਼ਿੰਦਗੀ ਬਤੀਤ ਕਰਦੇ ਹੋਏ ਅਕਾਲ ਚਲਾਣਾ ਕਰ ਗਏ ਸਨ, ਜੋ ਆਪਣੀ ਜ਼ਿੰਦਗੀ ਦਾ ਬਹੁਤ ਸਮਾਂ ਪੰਜਾਬ ਵਿਚ ਮੀਡੀਆ ਅਤੇ ਸਮਾਜ ਸੇਵਾਵਾਂ ਨਾਲ ਜੁੜੇ ਰਹੇ ਸਨ। ਉਨ੍ਹਾਂ ਦਾ ਜਨਮ ਅਤੇ ਪਿਛੋਕੜ ਪੰਜਾਬ ਦੇ ਪਿੰਡ ਵਿਰਕ, ਜ਼ਿਲ੍ਹਾ ਜਲੰਧਰ ਨਾਲ ਸੀ ਅਤੇ ਅਮਰੀਕਾ ਵਿਚ ਆਪਣੇ ਆਖਰੀ ਸਮੇਂ ਕੈਲੀਫੋਰਨੀਆ ਦੇ ਸ਼ਹਿਰ ਕਲੋਵਿਸ ਵਿਖੇ ਰਹਿ ਰਹੇ ਸਨ।
ਉਹ ਵੱਖ-ਵੱਖ ਸਥਾਨਕ ਸੰਸਥਾਵਾ ਦੇ ਨਾਲ ਰਲ ਭਾਈਚਾਰਕ ਸੇਵਾਵਾਂ ਨਿਭਾਉਂਦੇ ਰਹੇ ਸਨ। ਉਨ੍ਹਾਂ ਦੇ ਅੰਤਿਮ ਸੰਸਕਾਰ ਵਿਚ ਸਾਮਲ ਹੋਣ ਉਪਰੰਤ, ਅੰਤਿਮ ਅਰਦਾਸ ਸਮੇਂ ਗੁਰਦੁਆਰਾ ਸਿੱਖ ਪੈਸੀਫਿਕ ਕੋਸਟ ਆਫ ਸੈਲਮਾ ਵਿਖੇ ਸਿੱਖ ਆਗੂ ਸਵ. ਅਮਰੀਕ ਸਿੰਘ ਨੂੰ ”ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ” ਨੇ ਸ਼ਰਧਾਂਜਲੀ ਦਿੱਤੀ। ਜਿਸ ਸਮੇਂ ਸਥਾਨਕ ਵੱਖ-ਵੱਖ ਸੰਸਥਾਵਾਂ ਤੋਂ ਇਲਾਵਾ ਗੁਰਦੁਆਰਾ ਸੈਲਮਾ ਅਤੇ ”ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ” ਦੇ ਸਰਗਰਮ ਮੈਂਬਰ ਵੀ ਹਾਜ਼ਰ ਸਨ।
ਸਵ: ਸ. ਅਮਰੀਕ ਸਿੰਘ ਦੇ ਅੰਤਿਮ ਸੰਸਕਾਰ ਸਮੇਂ ਇਲਾਕੇ ਭਰ ਤੋਂ ਪਹੁੰਚ ਕੇ ਜਿੱਥੇ ਪਰਿਵਾਰਕ, ਰਿਸ਼ਤੇਦਾਰਾਂ ਅਤੇ ਮਿੱਤਰਾਂ ਨੇ ਸ਼ਰਧਾ ਦੇ ਫੁੱਲ ਭੇਜੇ, ਉੱਥੇ ਸਥਾਨਕ ਸੰਸਥਾਵਾਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਨੇ ਸਵ. ਅਮਰੀਕ ਸਿੰਘ ਵਿਰਕ ਦੀਆਂ ਸਮਾਜਿਕ ਸੇਵਾਵਾਂ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਦੀ ਮਹਾਨਤਾ ਬਾਰੇ ਸਾਂਝ ਪਾਈ। ਇਸੇ ਦੌਰਾਨ ”ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ” ਦੇ ਜਨਰਲ ਸੈਂਕਟਰੀ ਸ. ਸੁਖਦੇਵ ਸਿੰਘ ਚੀਮਾ ਨੇ ਬੋਲਦੇ ਹੋਏ ਸੰਸਥਾ ਵੱਲੋਂ ਸਵ. ਅਮਰੀਕ ਵਿਰਕ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਸਵ. ਵਿਰਕ ਸੰਸਥਾ ਦੇ ਅਣਥੱਕ ਸੇਵਾਦਾਰ ਸਨ, ਜੋ ਹਰ ਸਮੇਂ ਅੱਗੇ ਹੋ ਕੇ, ਸਮੂਹ ਸਮਾਜਿਕ, ਧਾਰਮਿਕ, ਭਾਈਚਾਰਕ ਅਤੇ ਸੱਭਿਆਚਾਰਕ ਕਾਰਜਾਂ ਵਿਚ ਹਿੱਸਾ ਲੈਂਦੇ ਸਨ। ਇਸੇ ਦੌਰਾਨ ਸੰਸਥਾ ਦੇ ਮੈਂਬਰਾਂ ਨੇ ਵਿਰਕ ਦੇ ਪੁੱਤਰਾਂ ਵਿਚ ਰੁਪਿੰਦਰ ਸਿੰਘ ਵਿਰਕ ਅਤੇ ਭੁਪਿੰਦਰ ਸਿੰਘ ਵਿਰਕ ਨੂੰ ਸਨਮਾਨਤ ਕੀਤਾ। ਅਰਦਾਸ ਕੀਤੀ ਗਈ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।