ਸਿੰਗਾਪੁਰ, 24 ਅਗਸਤ (ਪੰਜਾਬ ਮੇਲ)-ਵੱਕਾਰੀ ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਨੇ ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਲਈ ਯੂ. ਕੇ. ਆਧਾਰਿਤ ਭਾਰਤੀ ਮੂਲ ਦੇ ਅਕਾਦਮੀਸ਼ੀਅਨ ਜਸਜੀਤ ਸਿੰਘ (51) ਨੂੰ ਨਿਯੁਕਤ ਕੀਤਾ ਹੈ। ਜਸਜੀਤ ਸਿੰਘ ਇਸ ਸਮੇਂ ਯੂ. ਕੇ. ਦੀ ਲੀਡਸ ਯੂਨੀਵਰਸਿਟੀ ’ਚ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਨ੍ਹਾਂ ਨੂੰ ਸਿੱਖ ਸਟੱਡੀਜ਼ ਦੇ ਖੇਤਰ ਦਾ ਮਾਹਿਰ ਮੰਨਿਆ ਜਾਂਦਾ ਹੈ। ਨੈਸ਼ਨਲ ਯੂਨੀਵਰਸਿਟੀ ਆਫ਼ ਸਿੰਗਾਪੁਰ ਦੇ ਫੈਕਲਟੀ ਆਫ਼ ਆਰਟਸ ਅਤੇ ਸੋਸ਼ਲ ਸਾਇੰਸਿਜ਼ ਦੇ ਡੀਨ ਪ੍ਰੋਫੈਸਰ ਲਿਓਨਲ ਵੀ ਨੇ ਕਿਹਾ ਕਿ ਜਸਜੀਤ ਸਿੰਘ ਨਾ ਸਿਰਫ਼ ਸਿੰਗਾਪੁਰ ਸਗੋਂ ਕੌਮਾਂਤਰੀ ਪੱਧਰ ’ਤੇ ਵੀ ਸਿੱਖ ਰਹਿਤ ਮਰਿਆਦਾ ਬਾਰੇ ਜਾਗਰੂਕ ਕਰਨਗੇ। ਉਨ੍ਹਾਂ ਪਲੇਠੇ ਸੈਂਟਰਲ ਸਿੱਖ ਗੁਰਦੁਆਰਾ ਬੋਰਡ ’ਚ ਵਿਜ਼ਟਿੰਗ ਪ੍ਰੋਫੈਸਰ (ਚੇਅਰ) ਵਜੋਂ ਜਸਜੀਤ ਸਿੰਘ ਦੀ ਨਿਯੁਕਤੀ ਦਾ ਐਲਾਨ ਕੀਤਾ। ਬੋਰਡ ਨੇ ਸਿੱਖ ਭਾਈਚਾਰੇ ਦੀ ਸਹਾਇਤਾ ਨਾਲ 10 ਲੱਖ ਸਿੰਗਾਪੁਰੀ ਡਾਲਰ ਤੋਂ ਵੱਧ ਰਕਮ ਇਕੱਠੀ ਕੀਤੀ ਹੈ, ਜਿਸ ’ਚ ਸਿੰਗਾਪੁਰ ਸਰਕਾਰ ਨੇ ਵੀ ਇੰਨਾ ਹੀ ਯੋਗਦਾਨ ਪਾਇਆ ਹੈ। ਜਸਜੀਤ ਸਿੰਘ ਨੇ ਅੰਡਰ ਗਰੈਜੂਏਟ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ।