-ਪੰਥ ਰਤਨ ‘ਫ਼ਖਰ-ਏ-ਕੌਮ’ ਅਤੇ ‘ਪਦਮ ਵਿਭੂਸ਼ਣ’ ਨਾਲ ਸਨਮਾਨਿਤ ਹੋਏ ਸਨ ਪ੍ਰਕਾਸ਼ ਸਿੰਘ ਬਾਦਲ
ਲੰਬੀ, 26 ਅਪ੍ਰੈਲ (ਪੰਜਾਬ ਮੇਲ)- ਪੰਥਕ ਅਤੇ ਅਕਾਲੀ ਰਾਜਨੀਤੀ ਪ੍ਰਕਾਸ਼ ਸਿੰਘ ਬਾਦਲ ਜਿਹੇ ਵੱਡੇ ਸਿਆਸੀ ਬਾਬਾ ਬੋਹੜ ਦੀ ਛਤਰ ਛਾਇਆ ਤੋਂ ਵਿਹੂਣੀ ਹੋ ਗਈ ਹੈ, ਜੋ ਪੰਜ ਵਾਰ ਮੁੱਖ ਮੰਤਰੀ ਰਹੇ ਸਨ। ਪਿੰਡ-ਪਿੰਡ ਅਤੇ ਘਰ-ਘਰ ਸੰਗਤ ਦਰਸ਼ਨ ਕਰਕੇ ਮਸਲੇ ਹੱਲ ਕਰਨ ਵਾਲਾ ਲੋਕ ਆਗੂ ਹੁਣ ਕਦੇ ਮੁੜ ਕੇ ਨਹੀਂ ਆਉਣਾ। ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਪਿੰਡ ਬਾਦਲ ਦੀ ਸਰਪੰਚੀ ਤੋਂ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ 8 ਦਸੰਬਰ, 1927 ਨੂੰ ਨਾਨਕੇ ਪਿੰਡ ਅਬੁਲ ਖੁਰਾਣਾ ਵਿਚ ਪਿਤਾ ਰਘੁਰਾਜ ਸਿੰਘ ਦੇ ਘਰ ਮਾਤਾ ਜਸਵੰਤ ਕੌਰ ਦੀ ਕੁੱਖੋਂ ਜਨਮ ਲਿਆ। ਉਨ੍ਹਾਂ ਐੱਫ਼.ਏ. ਤੱਕ ਪੜ੍ਹਾਈ ਐੱਫ.ਸੀ. ਕਾਲਜ ਲਾਹੌਰ ਤੋਂ ਕੀਤੀ।
ਉਹ ਹੋਰ ਪੜ੍ਹ ਕੇ ਸਰਕਾਰੀ ਅਫ਼ਸਰ ਲੱਗਣਾ ਚਾਹੁੰਦੇ ਸਨ ਪਰ ਗਿਆਨੀ ਕਰਤਾਰ ਸਿੰਘ ਦੀ ਪ੍ਰੇਰਣਾ ਮਗਰੋਂ ਉਹ ਪੰਚਾਇਤ ਸਮਿਤੀ ਲੰਬੀ ਦੇ ਚੇਅਰਮੈਨ ਚੁਣੇ ਗਏ। ਉਨ੍ਹਾਂ 1957 ਵਿਚ ਪਹਿਲੇ ਵੱਡੇ ਸਿਆਸੀ ਕਦਮ ਤਹਿਤ ਮਲੋਟ ਹਲਕੇ ਤੋਂ ਪਹਿਲੀ ਦਫ਼ਾ ਵਿਧਾਨ ਸਭਾ ਚੋਣ ਜਿੱਤੀ। ਇਸ ਮਗਰੋਂ 1969 ਵਿਚ ਵੀ ਵਿਧਾਨ ਸਭਾ ਦੀ ਚੋਣ ਜਿੱਤੀ ਅਤੇ ਅਕਾਲੀ-ਜਨਸੰਘ ਗੱਠਜੋੜ ਸਰਕਾਰ ਵਿਚ ਮੰਤਰੀ ਰਹੇ। ਉਨ੍ਹਾਂ ਦਾ ਵਿਆਹ ਸੁਰਿੰਦਰ ਕੌਰ ਵਾਸੀ ਚੱਕ ਫਤਹਿ ਸਿੰਘ ਵਾਲਾ ਨਾਲ ਹੋਇਆ। ਉਹ ਪਹਿਲੀ ਵਾਰ 1970 ਵਿਚ ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਚੁਣੇ ਗਏ। ਉਹ ਪੰਜ ਵਾਰ ਮੁੱਖ ਮੰਤਰੀ ਰਹੇ। ਉਹ ਮਲੋਟ, ਗਿੱਦੜਬਾਹਾ ਤੇ ਲੰਬੀ ਹਲਕੇ ਤੋਂ ਦਸ ਵਾਰ ਵਿਧਾਇਕ ਚੁਣੇ ਗਏ। ਉਨ੍ਹਾਂ ਪੰਜਾਬ ਦੇ ਹਿੱਤਾਂ ਲਈ ਜੇਲ੍ਹ ਵੀ ਕੱਟੀ। ਉਹ 1995 ਤੋਂ 31 ਜਨਵਰੀ 2008 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ। ਉਨ੍ਹਾਂ ਅਕਾਲੀ ਦਲ ਨੂੰ ਹਰੇਕ ਔਖੀ ਘੜੀ ਵਿਚੋਂ ਬੇਬਾਕੀ ਨਾਲ ਕੱਢ ਕੇ ਮੁੜ ਤੋਂ ਸਿਖ਼ਰ ਤੱਕ ਪਹੁੰਚਾਇਆ। ਸ਼੍ਰੀ ਬਾਦਲ 11 ਦਸੰਬਰ 2011 ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਰਤਨ ‘ਫ਼ਖਰ-ਏ-ਕੌਮ’ ਨਾਲ ਸਨਮਾਨਤ ਕੀਤੇ ਗਏ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ 2015 ‘ਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।
ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ‘ਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ ਕੀਤਾ ਸੀ ਪਰ ਸੱਤ ਸਾਲ ਦੇ ਅਰਸੇ ਮਗਰੋਂ ਉਹ ਮੁਹਾਲੀ ਅਦਾਲਤ ਵਿਚੋਂ ਬਾ-ਇੱਜ਼ਤ ਬਰੀ ਹੋ ਗਏ। ਪ੍ਰਕਾਸ਼ ਸਿੰਘ ਬਾਦਲ ਖੁਦ ਦਿਨ ਵਿਚ ਦੋ ਵਾਰ ਨਿੱਤਨੇਮ ਅਤੇ ਨਾਮ ਸਿਮਰਨ ਕਰਦੇ ਸਨ। ਵਡੇਰੀ ਉਮਰ ‘ਚ ਨਿੱਤ ਕਸਰਤ ਕਰਨਾ ਉਨ੍ਹਾਂ ਦੇ ਅਖ਼ੀਰਲੇ ਦਿਨਾਂ ਤੱਕ ਜ਼ਿੰਦਗੀ ਦਾ ਹਿੱਸਾ ਰਿਹਾ। ਪਿਛਲੇ ਕੁੱਝ ਸਮੇਂ ਤੋਂ ਸਿਹਤ ਠੀਕ ਨਾ ਹੋਣ ਕਰਕੇ ਉਹ ਘਰ ਵਿਚ ਇਕਾਂਤਵਾਸ ਵਾਲੇ ਮਾਹੌਲ ਵਿਚ ਵਿਚਰਦੇ ਸਨ।