ਬੱਚੇ ਤੇ ਸਟਾਫ ਸਨਮਾਨਿਤ
ਸਿਆਟਲ, 14 ਜੂਨ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰਦੁਆਰਾ ਸੱਚਾ ਮਾਰਗ ਐਬਰਨ ਵਿਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਫਤਾਵਾਰੀ ਦੀਵਾਨ ਸਜਾਏ ਗਏ, ਜਿੱਥੇ ਗੁਰੂ ਘਰ ਦੇ ਕੀਰਤਨੀ ਜੱਥੇ ਭਾਈ ਕੁਲਵਿੰਦਰ ਸਿੰਘ, ਭਾਈ ਮੋਹਣ ਸਿੰਘ ਤੇ ਮਨਿੰਦਰ ਸਿੰਘ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਦਾ ਜੱਸ ਗਾਇਨ ਕੀਤਾ। ਅਖੀਰ ਵਿਚ ਭਾਈ ਮੋਹਣ ਸਿੰਘ ਹੈੱਡ ਗ੍ਰੰਥੀ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਸਟੇਜ ਸਕੱਤਰ ਹਰਸ਼ਿੰਦਰ ਸਿੰਘ ਸੰਧੂ ਨੇ ਸੰਗਤ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਹਰਸ਼ਿੰਦਰ ਸਿੰਘ ਸੰਧੂ ਨੇ ਗੁਰਦੁਆਰਾ ਸੱਚਾ ਮਾਰਗ ਵਿਚ ਚੱਲ ਰਹੇ ਸਕੂਲ ਦੇ ਵਿਦਿਆਰਥੀਆਂ ਨੂੰ ਸਾਲਾਨਾ ਇਨਾਮ ਵੰਡ ਸਮਾਰੋਹ ਵਿਚ ਡਿਗਰੀਆਂ ਦਿੱਤੀਆਂ ਅਤੇ ਸਟਾਫ ਨੂੰ ਸਨਮਾਨਿਤ ਕੀਤਾ। ਸਕੂਲ ਦੇ ਇੰਚਾਰਜ ਸ਼੍ਰੀਮਤੀ ਜੀਨਾ ਕੇ. ਸਿੰਘ ਅਤੇ ਬੀਬੀ ਕਿਰਨ ਕੌਰ ਨੇ ਸਟਾਫ ਦੀ ਸ਼ਲਾਘਾ ਕੀਤੀ ਅਤੇ ਸਾਰਾ ਸਾਲ ਟਾਈਮ ਕੱਢ ਕੇ ਪੜ੍ਹਾਉਣ ਲਈ ਧੰਨਵਾਦ ਕੀਤਾ।
ਬੀਬੀ ਕਿਰਨ ਕੌਰ ਅੰਗਰੇਜ਼ੀ ਸਕੂਲ ਚਲਾ ਰਹੀ ਹੈ ਤੇ ਦੂਸਰੀ ਭੈਣ ਜੀਨਾ ਕੇ. ਸਿੰਘ ਪੰਜਾਬੀ ਸਕੂਲ ਚਲਾਉਣ ਵਿਚ ਵੱਡਾ ਯੋਗਦਾਨ ਪਾ ਰਹੀਆਂ ਹਨ। ਸਕੂਲ ਦੇ ਬੱਚੇ ਤੇ ਉਨ੍ਹਾਂ ਦੇ ਮਾਪੇ ਬੜੇ ਉਤਸ਼ਾਹ ਨਾਲ ਪਹੁੰਚੇ ਤੇ ਸਟਾਫ ਦਾ ਧੰਨਵਾਦ ਕੀਤਾ।