#AMERICA

ਸਿਆਟਲ ਵਿਖੇ ਖੋਲ੍ਹਿਆ ਜਾਵੇਗਾ ਇੰਡੀਅਨ ਕੌਂਸਲੇਟ ਦਫਤਰ

ਸਿਆਟਲ, 28 ਜੂਨ (ਪੰਜਾਬ ਮੇਲ)-ਭਾਰਤ ਵੱਲੋਂ ਜਲਦ ਹੀ ਅਮਰੀਕਾ ਦੀ ਸਟੇਟ ਵਾਸ਼ਿੰਗਟਨ ਵਿਖੇ ਆਪਣਾ ਕੌਂਸਲੇਟ ਦਫਤਰ ਖੋਲ੍ਹਿਆ ਜਾ ਰਿਹਾ ਹੈ। ਸਿਆਟਲ ਵਿਖੇ ਖੋਲ੍ਹੇ ਜਾਣ ਵਾਲੇ ਇਸ ਕੌਂਸਲੇਟ ਦਫਤਰ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਐਲਾਨ ਕੀਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਇਸ ਤੋਂ ਇਲਾਵਾ ਅਮਰੀਕਾ ਵਿਚ ਦੋ ਹੋਰ ਕੌਂਸਲੇਟ ਦਫਤਰ ਖੋਲ੍ਹੇ ਜਾਣਗੇ।
ਜ਼ਿਕਰਯੋਗ ਹੈ ਕਿ ਸਿਆਟਲ ਵਾਸੀ ਭਾਰਤੀਆਂ ਨੂੰ ਪਾਸਪੋਰਟ, ਵੀਜ਼ਾ ਅਤੇ ਹੋਰ ਕਿਸੇ ਵੀ ਕੰਮ ਲਈ ਕੈਲੀਫੋਰਨੀਆ ਦੇ ਸ਼ਹਿਰ ਸਾਨ ਫਰਾਂਸਿਸਕੋ ਵਿਚ ਸਥਿਤ ਕੌਂਸਲੇਟ ਦਫਤਰ ਵਿਖੇ ਜਾਣਾ ਪੈਂਦਾ ਸੀ, ਜੋ ਕਿ ਕਾਫੀ ਦੂਰ ਪੈਂਦਾ ਹੈ। ਸਾਨ ਫਰਾਂਸਿਸਕੋ ਸਥਿਤ ਭਾਰਤੀ ਕੌਂਸਲੇਟ ਦਫਤਰ ਦੇ ਅਧੀਨ ਅਮਰੀਕਾ ਦੀਆਂ 13 ਸਟੇਟਾਂ ਲਈ ਕੰਮ ਹੁੰਦਾ ਹੈ ਅਤੇ ਭਾਰਤੀਆਂ ਦੀ ਆਬਾਦੀ ਇਥੇ ਵਧ ਜਾਣ ਕਾਰਨ ਇਸ ਦਫਤਰ ਵਿਚ ਕੰਮ ਦਾ ਕਾਫੀ ਬੋਝ ਪੈ ਗਿਆ ਹੈ। ਸਿਆਟਲ ਵਿਖੇ ਕੌਂਸਲੇਟ ਦਫਤਰ ਖੁੱਲ੍ਹਣ ਨਾਲ ਇਲਾਕੇ ਦੇ ਲੋਕਾਂ ਨੂੰ ਫਾਇਦਾ ਹੋਵੇਗਾ, ਉਥੇ ਭਾਰਤੀਆਂ ਦੇ ਕੰਮਾਂ ਦਾ ਵੀ ਜਲਦ ਨਿਬੇੜਾ ਹੋ ਸਕੇਗਾ।

Leave a comment