ਸਿਆਟਲ, 26 ਅਪ੍ਰੈਲ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਵੱਖ-ਵੱਖ ਗੁਰੂ ਘਰਾਂ ਵਿਚ ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਹਫਤਾਵਾਰੀ ਦੀਵਾਨ ਸਜਾਏ ਗਏ। ਭਾਈ ਕੁਲਵਿੰਦਰ ਸਿੰਘ ਕੀਰਤਨੀ ਜੱਥੇ ਨੇ ਰਸਭਿੰਨਾ ਕੀਰਤਨ ਕਰਕੇ ਗੁਰੂ ਜੀ ਦੀ ਉਪਮਾ ਕੀਤੀ ਅਤੇ ਭਗਤ ਧੰਨਾ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਜਗਜੀਤ ਸਿੰਘ ਕਿੰਗਰਾ ਨੇ ਆਪਣੇ ਸਪੁੱਤਰ ਦੇ ਵਿਆਹ ਕਾਰਜਾਂ ਦੀ ਸਫਲਤਾ ਲਈ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਤੇ ਗੁਰੂ ਦੇ ਲੰਗਰਾਂ ਦੀ ਸੇਵਾ ਤਿੰਨੇ ਦਿਨ ਬੜੀ ਸ਼ਰਧਾ ਨਾਲ ਨਿਭਾਈ।
ਸਟੇਜ ਤੋਂ ਹਰਸ਼ਿੰਦਰ ਸਿੰਘ ਸੰਧੂ ਨੇ ਸੰਗਤ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਭਾਈ ਮੋਹਣ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਗੁਰਦੁਆਰਾ ਸਿੰਘ ਸਭਾ ਰੈਨਟਨ ਤੇ ਕੈਂਟ ਵਿਚ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਪੁਰਬ ਤੇ ਭਗਤ ਧੰਨਾ ਜੀ ਦਾ ਜਨਮ ਦਿਵਸ ਮਨਾਇਆ ਗਿਆ।