ਸੈਕਰਾਮੈਂਟੋ, 2 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਸ਼ਹਿਰ ਸਿਆਟਲ (ਵਸ਼ਿੰਗਟਨ) ਵਿਚ ਇਸ ਸਾਲ 23 ਜਨਵਰੀ ਨੂੰ ਪੁਲਿਸ ਦੀ ਗਸ਼ਤੀ ਗੱਡੀ ਹੇਠਾਂ ਆ ਕੇ 23 ਸਾਲਾ ਭਾਰਤੀ ਵਿਦਿਆਰਥਣ ਜਾਹਨਵੀ ਕੰਡੂਲਾ ਦੀ ਮੌਤ ਹੋਣ ਉਪਰੰਤ ਉਸ ਦਾ ਮਜ਼ਾਕ ਉਡਾਉਣ ਵਾਲੇ ਪੁਲਿਸ ਅਫਸਰ ਨੂੰ ਸਰਗਰਮ ਗਸ਼ਤੀ ਡਿਊਟੀ ਤੋਂ ਹਟਾਏ ਜਾਣ ਦੀ ਖਬਰ ਹੈ। ਸਿਆਟਲ ਪੁਲਿਸ ਵਿਭਾਗ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਪੁਲਿਸ ਅਫਸਰ ਡੈਨੀਅਲ ਐਂਡਰਰ ਨੂੰ ਨਾਨ ਆਪਰੇਸ਼ਨਲ ਡਿਊਟੀ ਦਿੱਤੀ ਗਈ ਹੈ। ਇਥੇ ਜ਼ਿਕਰਯੋਗ ਹੈ ਕਿ ਘਟਨਾ ਤੋਂ ਬਾਅਦ ਜਾਰੀ ਹੋਏ ਬੌਡੀ ਕੈਮਰੇ ਦੇ ਦ੍ਰਿਸ਼ਾਂ ਵਿਚ ਐਂਡਰਰ ਨੇ ਭਾਰਤੀ ਵਿਦਿਆਰਥਣ ਦੀ ਮੌਤ ਦਾ ਮਜ਼ਾਕ ਬਣਾਉਂਦਿਆਂ ਕਿਹਾ ਸੀ ਕਿ ਇਸ ਦੀ ਜ਼ਿੰਦਗੀ ਦੀ ਕੀਮਤ ਬਹੁਤ ਥੋੜੀ ਹੈ। ਸਿਟੀ ਨੂੰ ਕੇਵਲ ਇਕ ਚੈੱਕ ਬਣਾਉਣ ਦੀ ਲੋੜ ਪਵੇਗੀ।” ਇਹ ਵੀਡੀਓ ਜਾਰੀ ਹੋਣ ਉਪਰੰਤ ਭਾਰਤੀ ਭਾਈਚਾਰੇ ਵਿਚ ਵੱਡੀ ਪੱਧਰ ‘ਤੇ ਰੋਸ ਦੀ ਲਹਿਰ ਦੌੜ ਗਈ ਸੀ ਤੇ ਕਸੂਰਵਾਰ ਅਫਸਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ।