-ਖਿਡਾਰੀ ਜੇਤੂਆਂ, ਕੋਚਾਂ, ਵਾਲੰਟੀਅਰਾਂ, ਦਾਨੀਆਂ ਤੇ ਸਮਾਜਸੇਵੀਆਂ ਦਾ ਹੋਵੇਗਾ ਸਨਮਾਨ
ਸਿਆਟਲ, 16 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੇ ਵਿਲਸਨ ਪਲੇਅ ਫੀਲਡਜ਼ ਕੈਂਟ ਵਿਚ ਹਰੇਕ ਸ਼ਨਿੱਚਰਵਾਰ ਤੇ ਐਤਵਾਰ ਜੁਲਾਈ-ਅਗਸਤ ਵਿਚ ਚੱਲ ਰਹੇ ਬੱਚਿਆਂ ਦੇ ਖੇਡ ਕੈਂਪ ਦਾ ਸਮਾਪਤੀ ਸਮਾਰੋਹ 20 ਅਗਸਤ, 2023, ਦਿਨ ਐਤਵਾਰ 5 ਤੋਂ 7.30 ਵਜੇ ਸ਼ਾਮ ਨੂੰ ਆਯੋਜਿਤ ਕੀਤਾ ਜਾ ਰਿਹਾ ਹੈ, ਜਿੱਥੇ ਜੇਤੂਆਂ, ਕੋਚਾਂ, ਵਾਲੰਟੀਅਰ ਸੇਵਾਦਾਰਾਂ, ਦਾਨੀਆਂ, ਸਪਾਂਸਰਾਂ, ਲਿਖਾਰੀਆਂ ਤੇ ਸਮਾਜ ਸੇਵੀਆਂ ਦਾ ਮਾਣ-ਸਨਮਾਨ ਹੋਵੇਗਾ। ਕੈਲੀਫੋਰਨੀਆ ਤੋਂ ਓਲੰਪੀਅਨ ਮਹਿੰਦਰ ਸਿੰਘ ਗਿੱਲ ਬਤੌਰ ਮੁੱਖ ਮਹਿਮਾਨ ਪਹੁੰਚ ਰਹੇ ਹਨ, ਜਿਨ੍ਹਾਂ ਵੱਲੋਂ ਜੇਤੂਆਂ ਨੂੰ ਇਨਾਮ ਵੰਡ ਕੀਤਾ ਜਾਵੇਗਾ। ਪੰਜਾਬੀ ਭਾਈਚਾਰੇ ਵੱਲੋਂ ਮਹਿੰਦਰ ਸਿੰਘ ਗਿੱਲ ਓਲੰਪੀਅਨ ਦਾ ਸਨਮਾਨ ਹੋਵੇਗਾ। ਅਖੀਰ ਵਿਚ 7.30 ਵਜੇ ਸਮਾਜ ਸੇਵੀ ਸੰਸਥਾ ਸੋਚ ਦੇ ਵਾਲੰਟੀਅਰਾਂ ਵੱਲੋਂ ਪੀਜ਼ੇ ਦਾ ਰਾਤਰੀ ਭੋਜਨ ਬੱਚਿਆਂ, ਤੇ ਉਨ੍ਹਾਂ ਦੇ ਮਾਪਿਆਂ, ਕੋਚਾਂ, ਵਾਲੰਟੀਅਰਾਂ, ਦਾਨੀਆਂ ਤੇ ਮਹਿਮਾਨਾਂ ਲਈ ਸੇਵਾ ਦੇ ਤੌਰ ’ਤੇ ਕੀਤਾ ਗਿਆ ਹੈ। 19 ਅਗਸਤ, ਸ਼ਾਮ 5 ਤੋਂ 7 ਵਜੇ ਸਾਕਰ, ਵਾਲੀਬਾਲ ਤੇ ਐਥਲੈਟਿਕਸ ਦੇ ਮੁਕਾਬਲੇ ਹੋਣਗੇ, ਜਿੱਥੇ ਕੋਈ ਵੀ ਖਿਡਾਰੀ ਭਾਗ ਲੈ ਸਕਦਾ ਹੈ। 20 ਅਗਸਤ, ਸ਼ਾਮ 5 ਤੋਂ 6 ਵਜੇ ਤੱਕ ਫਾਈਨਲ ਮੁਕਾਬਲੇ ਹੋਣਗੇ ਅਤੇ 6 ਤੋਂ 6.30 ਵਜੇ ਤੱਕ ਜੇਤੂਆਂ ਦਾ ਮਾਣ-ਸਨਮਾਨ ਹੋਵੇਗਾ।
ਪਿੰਟੂ ਬਾਠ, ਹਰਸ਼ਿੰਦਰ ਸਿੰਘ ਸੰਧੂ ਵੱਲੋਂ 1000-1000 ਡਾਲਰ ਨਾਲ ਪੇਪਰਾਂ ਨੂੰ ਸਪਾਂਸਰ ਕੀਤਾ ਗਿਆ ਹੈ। ਅਮਰੀਕ ਸਿੰਘ ਰੰਧਾਵਾ ਵੱਲੋਂ ਵਿਲਸਨ ਪਲੇਅ ਫੀਲਡਜ਼ ਲਈ ਕਿਰਾਏ ਦੇ 2000 ਡਾਲਰ, ਮਾਂਟਰੀਅਲ ਤੋਂ ਜੱਜਇੰਦਰ ਸਿੰਘ ਸਰੋਆ (ਰੈਂਜੀ) ਤੇ ਰਵਨੀਤ ਕੌਰ ਵੱਲੋਂ 1176 ਡਾਲਰ ਦੇ ਕੇ ਸਪਾਂਸਰ ਕੀਤਾ ਗਿਆ ਹੈ। ਬਾਬਾ ਬੁੱਢਾ ਜੀ ਸੰਸਥਾ ਵੱਲੋਂ ਹਰੇਕ ਸਾਲ ਦੀ ਤਰ੍ਹਾਂ ਸਤਵਿੰਦਰ ਸਿੰਘ ਸੰਧੂ ਤੇ ਅਮਰਪਾਲ ਸਿੰਘ ਕਾਹਲੋਂ ਨੇ ਸਪਾਂਸਰ ਕੀਤਾ ਹੈ ਅਤੇ ਮਨਜੀਤ ਸਿੰਘ ਕੀ ਇੰਸ਼ੋਰੈਂਸ ਵੱਲੋਂ ਖੇਡ-ਕੈਂਪ ਦੀ ਇੰਸ਼ੋਰੈਂਸ ਕੀਤੀ ਗਈ ਹੈ। ਦਾਨੀ ਸੱਜਣਾਂ ਵੱਲੋਂ ਹਰੇਕ ਸ਼ਨਿੱਚਰਵਾਰ ਰਿਫਰੈਸ਼ਮੈਂਟ ਦੇ ਕੇ ਅਤੇ ਐਤਵਾਰ ਪੀਜ਼ੇ ਦੀ ਸੇਵਾ ਦਾਨੀਆਂ ਵੱਲੋਂ ਕੀਤੀ ਗਈ ਹੈ। ਮਹਿੰਦਰ ਸਿੰਘ ਨਿੱਝਰ ਹਰੇਕ ਸਾਲ 1000 ਡਾਲਰ, ਹਰਦੀਪ ਸਿੰਘ ਗਿੱਲ, ਹਰਦੇਵ ਸਿੰਘ ਜੱਜ, ਮਾਸਟਰ ਦਲਜੀਤ ਸਿੰਘ ਗਿੱਲ, ਭਜਨ ਸਿੰਘ ਸੰਘਾ, ਹਰਜੀਤ ਸਿੰਘ ਜੌਹਲ, ਕਾਲਾ ਬੈਂਸ ਤੇ ਹੀਰਾ ਸਿੰਘ ਭੁੱਲਰ ਵੱਲੋਂ ਕੈਂਪ ਦੇ ਖਰਚੇ ਪੂਰੇ ਕਰਨ ਲਈ ਮਾਲੀ ਸਹਾਇਤਾ ਕੀਤੀ ਗਈ ਹੈ।
ਪੰਜਾਬੀ ਭਾਈਚਾਰੇ ਵੱਲੋਂ ਸਾਂਝੇ ਤੌਰ ’ਤੇ ਪਿਛਲੇ 12 ਸਾਲ ਤੋਂ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ, ਜਿੱਥੇ ਬੱਚਿਆਂ ਨੂੰ ਸਰੀਰਕ ਫਿਟਨੈੱਸ ਟ੍ਰੇਨਿੰਗ ਤੇ ਵੱਖ-ਵੱਖ ਖੇਡਾਂ ’ਚ ਕੋਚਿੰਗ ਅਤੇ ਪੰਜਾਬੀ ਵਿਰਸੇ ਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਆਉ ਮਿਲ ਕੇ ਬੱਚਿਆਂ ਤੇ ਸੇਵਾਦਾਰਾਂ ਦੀ ਹੌਂਸਲਾ ਅਫਜ਼ਾਈ ਅਤੇ ਉਤਸ਼ਾਹਿਤ ਕਰੀਏ। ਖੇਡ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾ ਰਿਹਾ ਹੈ।