-ਮਨਪ੍ਰੀਤ ਬਾਦਲ ਵੱਲੋਂ ਸੰਭਾਵੀ ਗ੍ਰਿਫ਼ਤਾਰੀ ਦੇ ਡਰੋਂ ਅਗਾਊਂ ਜ਼ਮਾਨਤ ਦੀ ਮੰਗ
ਬਠਿੰਡਾ, 25 ਸਤੰਬਰ (ਪੰਜਾਬ ਮੇਲ)- ਵਿਜੀਲੈਂਸ ਬਿਊਰੋ ਬਠਿੰਡਾ ਨੇ ਭਾਜਪਾ ਨੇਤਾ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ 6 ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਲਿਆ ਹੈ। ਇਨ੍ਹਾਂ ਵਿਚ ਦੋ ਸਰਕਾਰੀ ਅਧਿਕਾਰੀ ਵੀ ਸ਼ਾਮਲ ਹਨ। ਇਹ ਕਾਰਵਾਈ ਬਠਿੰਡਾ ‘ਚ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਮਰਸ਼ੀਅਲ ਪਲਾਟਾਂ ਨੂੰ ਰਿਹਾਇਸ਼ੀ ਪਲਾਟਾਂ ਵਿਚ ਤਬਦੀਲ ਕਰਕੇ ਘੱਟ ਰੇਟ ‘ਤੇ ਖ਼ਰੀਦੋ-ਫ਼ਰੋਖ਼ਤ ਕਰਨ ‘ਤੇ ਕੀਤੀ ਗਈ ਹੈ। ਬੀਤੇ ਦਿਨੀਂ ਵਿਜੀਲੈਂਸ ਨੇ ਇਸ ਸਬੰਧ ‘ਚ ਦੋ ਵਿਅਕਤੀਆਂ ਰਾਜੀਵ ਕੁਮਾਰ ਅਤੇ ਅਮਨਦੀਪ ਨੂੰ ਹਿਰਾਸਤ ‘ਚ ਲਿਆ ਸੀ ਤੇ ਹੁਣ ਵਿਕਾਸ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਗ੍ਰਿਫਤਾਰੀ ਕਿਸੇ ਸਮੇਂ ਵੀ ਹੋ ਸਕਦੀ ਹੈ।
ਵਿਜੀਲੈਂਸ ਵੱਲੋਂ ਕੇਸ ‘ਚ ਨਾਮਜ਼ਦ ਵਿਅਕਤੀਆਂ ਦੀ ਜਲਦੀ ਤੋਂ ਜਲਦੀ ਗ੍ਰਿਫ਼ਤਾਰੀ ਕਰਨ ਲਈ ਕਾਰਵਾਈ ਜਾਰੀ ਹੈ। ਪਤਾ ਲੱਗਾ ਹੈ ਕਿ ਵਿਜੀਲੈਂਸ ਵੱਲੋਂ ਮਨਪ੍ਰੀਤ ਸਿੰਘ ਬਾਦਲ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਜਾ ਰਹੇ ਹਨ। ਮਨਪ੍ਰੀਤ ਬਾਦਲ ਵੱਲੋਂ ਅਗਾਊਂ ਜ਼ਮਾਨਤ ਲਈ ਅਦਾਲਤ ‘ਚ ਅਰਜ਼ੀ ਦਾਖ਼ਲ ਕੀਤੀ ਗਈ ਹੈ, ਜਿਸ ਦੀ ਅਦਾਲਤ ਵਿਚ ਸੁਣਵਾਈ ਹੋਣੀ ਹੈ।
ਉਨ੍ਹਾਂ ਆਪਣੇ ਵਕੀਲ ਰਾਹੀਂ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿਚ ਦਾਇਰ ਕੀਤੀ ਅਰਜ਼ੀ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਉਸ ਨੂੰ ਸਿਆਸੀ ਰੰਜਿਸ਼ ਦੇ ਚੱਲਦਿਆਂ ਝੂਠੇ ਕੇਸ ਵਿਚ ਫਸਾਉਣ ਦੇ ਯਤਨਾਂ ਦਾ ਦੋਸ਼ ਲਾਇਆ ਹੈ। ਅਗਾਊਂ ਜ਼ਮਾਨਤ ਦੀ ਅਰਜ਼ੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੇ ਭਾਸ਼ਣ ਦੀ ਉਹ ਵੀਡੀਓ ਵੀ ਅਟੈਚ ਕੀਤੀ ਹੈ, ਜਿਸ ਵਿਚ ਮੁੱਖ ਮੰਤਰੀ ਮਾਨ ਮਨਪ੍ਰੀਤ ਵਿਰੁੱਧ ਪਰਚਾ ਦਰਜ ਕਰਨ ਦਾ ਦਾਅਵਾ ਕਰ ਰਹੇ ਹਨ।
ਵਿਜੀਲੈਂਸ ਵੱਲੋਂ ਮਨਪ੍ਰੀਤ ਦੁਆਰਾ ਖਜ਼ਾਨਾ ਮੰਤਰੀ ਹੁੰਦਿਆਂ ਆਪਣੀ ਕੋਠੀ ਬਣਾਉਣ ਲਈ ਬਠਿੰਡਾ ਸ਼ਹਿਰ ਦੇ ਪੌਸ਼ ਇਲਾਕੇ ਮਾਡਲ ਟਾਊਨ ‘ਚ 1500 ਗਜ਼ ਦੇ ਪਲਾਟ ਖਰੀਦਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਤੇ ਸੈਸਨ ਜੱਜ ਦੀ ਅਦਾਲਤ ਵਿਚ ਦਾਇਰ ਕੀਤੀ ਇਸ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਸ਼ਿਕਾਇਤਕਰਤਾ ਸਰੂਪ ਸਿੰਗਲਾ ਨੇ ਪਲਾਟ ਖਰੀਦਣ ਵਿਚ ਘਪਲਾ ਕਰਨ ਦੀ ਸ਼ਿਕਾਇਤ ਲੋਕਪਾਲ ਪੰਜਾਬ ਨੂੰ ਕੀਤੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਸੀ, ਜਿਸ ਦੇ ਚੱਲਦੇ ਮਨਪ੍ਰੀਤ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਵਿਜੀਲੈਂਸ ਵੱਲੋਂ ਮੁੱਖ ਮੰਤਰੀ ਦੇ ਇਸ਼ਾਰੇ ‘ਤੇ ਉਸ ਨੂੰ ਝੂਠੇ ਕੇਸ ਵਿਚ ਫਸਾਉਣ ਲਈ ਜਾਂਚ ਕੀਤੀ ਜਾ ਰਹੀ ਹੈ, ਜਦਕਿ ਇਸ ਪਲਾਟ ਦੀ ਨਿਲਾਮੀ ਲਈ ਬੀ.ਡੀ.ਏ. ਵੱਲੋਂ ਚਾਰ ਪ੍ਰਮੁੱਖ ਅਖ਼ਬਾਰਾਂ ਵਿਚ ਇਸ਼ਤਿਹਾਰ ਦਿੱਤਾ ਗਿਆ ਸੀ ਤੇ ਇੰਟਰਨੈੱਟ ਰਾਹੀਂ ਇਨ੍ਹਾਂ ਪਲਾਟਾਂ ਦੀ ਬੋਲੀ ਕਰਵਾਈ ਸੀ, ਜਿਸ ਵਿਚ ਕੋਈ ਵੀ ਸ਼ਾਮਲ ਹੋ ਸਕਦਾ ਸੀ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪਲਾਂਟ ਉਸ ਨੇ ਨਿਯਮਾਂ ਅਨੁਸਾਰ ਖਰੀਦੇ ਹਨ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਹ ਵਿਜੀਲੈਂਸ ਜਾਂਚ ‘ਚ ਪੇਸ਼ ਹੋ ਚੁੱਕੇ ਹਨ ਅਤੇ ਉਸ ਤੋਂ ਬਾਅਦ ਇਸ ਕੇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਜੀਲੈਂਸ ਨੂੰ ਸ਼ਰੇਆਮ ਚੁਣੌਤੀ ਦੇਣ ਵਾਲੇ ਸਾਬਕਾ ਵਿੱਤ ਮੰਤਰੀ ਨੇ ਹੁਣ ਅਦਾਲਤ ਨੂੰ ਦੱਸਿਆ ਹੈ ਕਿ ਵਿਜੀਲੈਂਸ ਉਸ ਨੂੰ ਕਿਸੇ ਸਮੇਂ ਵੀ ਗ੍ਰਿਫ਼ਤਾਰ ਕਰ ਸਕਦੀ ਹੈ, ਜਿਸ ਦੇ ਚੱਲਦਿਆਂ ਉਸ ਨੂੰ ਅਗਾਊਂ ਜ਼ਮਾਨਤ ਦਿੱਤੀ ਜਾਵੇ ਜਾਂ ਗ੍ਰਿਫ਼ਤਾਰੀ ਤੋਂ ਪਹਿਲਾਂ ਸੱਤ ਦਿਨ ਦਾ ਨੋਟਿਸ ਦਿੱਤਾ ਜਾਵੇ।