#PUNJAB

ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਫਰੀਦਕੋਟ ਜੇਲ੍ਹ ਤੋਂ ਤਬਦੀਲ ਕਰਕੇ ਨਾਭਾ ਜੇਲ੍ਹ ਭੇਜਿਆ

ਫਰੀਦਕੋਟ, 30 ਮਈ (ਪੰਜਾਬ ਮੇਲ)- ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਫਰੀਦਕੋਟ ਦੇ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਫਰੀਦਕੋਟ ਜੇਲ੍ਹ ਤੋਂ ਤਬਦੀਲ ਕਰਕੇ ਨਾਭਾ ਜੇਲ੍ਹ ਭੇਜ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ ਸੁਰੱਖਿਆ ਨੂੰ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ। ਹਾਲਾਂਕਿ ਸਾਬਕਾ ਵਿਧਾਇਕ ਪਟਿਆਲਾ ਜੇਲ੍ਹ ਵਿਚ ਜਾਣਾ ਚਾਹੁੰਦੇ ਸਨ। ਸੂਤਰਾਂ ਅਨੁਸਾਰ ਜੇਲ੍ਹ ਤਬਦੀਲੀ ਦੇ ਫ਼ੈਸਲੇ ‘ਤੇ ਸਾਬਕਾ ਵਿਧਾਇਕ ਅਤੇ ਜੇਲ੍ਹ ਪ੍ਰਸ਼ਾਸਨ ਦਰਮਿਆਨ ਵਿਵਾਦ ਵੀ ਹੋਇਆ ਪਰ ਇਸ ਦੇ ਬਾਵਜੂਦ ‘ਕਿੱਕੀ’ ਢਿੱਲੋਂ ਨੂੰ ਨਾਭੇ ਤਬਦੀਲ ਕਰ ਦਿੱਤਾ ਗਿਆ। ਫਰੀਦਕੋਟ ਜੇਲ੍ਹ ਵਿਚ ਇਸ ਵੇਲੇ 2300 ਦੇ ਕਰੀਬ ਕੈਦੀ ਅਤੇ ਹਵਾਲਾਤੀ ਬੰਦ ਹਨ, ਜਿਨ੍ਹਾਂ ਵਿਚ ਦੋ ਦਰਜਨ ਦੇ ਕਰੀਬ ਗੈਂਗਸਟਰ ਵੀ ਸ਼ਾਮਲ ਹਨ। ਫਰੀਦਕੋਟ ਦੀ ਜੇਲ੍ਹ ਵਿਚ ਇਸ ਤੋਂ ਪਹਿਲਾਂ ਕੋਈ ਵੀ ਸਿਆਸੀ ਵਿਅਕਤੀ ਹਵਾਲਾਤੀ ਵਜੋਂ ਨਹੀਂ ਰਿਹਾ ਅਤੇ ਨਾ ਹੀ ਸਿਆਸੀ ਲੋਕਾਂ ਲਈ ਇੱਥੇ ਕੋਈ ਵਿਸ਼ੇਸ਼ ਬੈਰਕ ਬਣਾਈ ਗਈ ਹੈ। ਜਦਕਿ ਪਟਿਆਲਾ ਜੇਲ੍ਹ ਵਿਚ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ, ਜਿੱਥੇ ਸਿਆਸੀ ਹਵਾਲਾਤੀਆਂ ਨੂੰ ਰੱਖਿਆ ਜਾਂਦਾ ਹੈ। ਸਾਬਕਾ ਵਿਧਾਇਕ ਨੂੰ 7 ਜੂਨ ਨੂੰ ਅਦਾਲਤ ਵਿਚ ਦੁਬਾਰਾ ਪੇਸ਼ ਕੀਤਾ ਜਾਣਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੇਲ੍ਹ ਵਿਭਾਗ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਸਾਬਕਾ ਵਿਧਾਇਕ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਉਨ੍ਹਾਂ ਨੂੰ ਜੇਲ੍ਹ ਮੈਨੂਅਲ ਅਨੁਸਾਰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।

Leave a comment