#AMERICA

ਸਾਬਕਾ ਰਾਸ਼ਟਰਪਤੀ ਟਰੰਪ ਨੇ ਮੇਰੇ ਨਾਲ ਜਬਰ-ਜਨਾਹ ਕੀਤਾ, ਮੈਂ ਨਿਆਂ ਲੈਣ ਆਈ ਹਾਂ : ਜੀਨ ਕੈਰੋਲ

ਸੈਕਰਾਮੈਂਟੋ, 29 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਇਕ ਅਮਰੀਕੀ ਸਿਵਲ ਕੋਰਟ ਵਿਚ ਪੱਤਰਕਾਰ ਤੇ ਲੇਖਿਕ ਈ ਜੀਨ ਕੈਰੋਲ ਨੇ ਆਪਣੀ ਪਟੀਸ਼ਨ ‘ਤੇ ਜਿਰਹਾ ਦੇ ਪਹਿਲੇ ਦਿਨ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਲਾਏ ਜਬਰ-ਜਨਾਹ ਦੇ ਦੋਸ਼ਾਂ ਦਾ ਵੇਰਵਾ ਦਿੰਦਿਆਂ ਕਿਹਾ ਕਿ ਮੈਂ ਇਥੇ ਨਿਆਂ ਲੈਣ ਲਈ ਆਈ ਹਾਂ। ਸਾਬਕਾ ਰਾਸ਼ਟਰਪਤੀ ਵਿਰੁੱਧ ਦਾਇਰ ਮਾਣਹਾਨੀ ਪਟੀਸ਼ਨ ‘ਤੇ ਸ਼ੁਰੂ ਹੋਈ ਬਹਿਸ ਦੌਰਾਨ ਕੈਰੋਲ ਨੇ ਕਿਹਾ ਕਿ 1996 ‘ਚ ਮੇਰੇ ਨਾਲ ਟਰੰਪ ਵੱਲੋਂ ਜਬਰ-ਜਨਾਹ ਕੀਤਾ ਗਿਆ ਸੀ ਪਰ ਉਸ ਸਮੇਂ ਮੈਂ ਡਰ ਗਈ ਸੀ, ਜਿਸ ਕਾਰਨ ਚੁੱਪ ਰਹੀ। ਸਾਬਕਾ ਰਾਸ਼ਟਰਪਤੀ ਜੋ ਸੁਣਵਾਈ ਵਿਚ ਸ਼ਾਮਲ ਨਹੀਂ ਹੋਏ, ਨੇ ਆਪਣੀ ਟਰੁੱਥ ਸੋਸ਼ਲ ਵੈਬਸਾਈਟ ਉਪਰ ਕਿਹਾ ਹੈ ਕਿ ਇਹ ਮਾਮਲਾ ਝੂਠਾ ਤੇ ਮਨਘੜਤ ਹੈ ਤੇ ਰਾਜਨੀਤੀ ਤੋਂ ਪ੍ਰੇਰਿਤ ਹੈ। ਇਸ ਵਿਚ ਕੋਈ ਸੱਚਾਈ ਨਹੀਂ ਹੈ। ਕੈਰੋਲ ਨੇ ਮੰਨਿਆ ਕਿ ਉਹ ਡਰੈਸਿੰਗ ਰੂਮ ਵਿਚ ਆਪਣੀ ਮਰਜ਼ੀ ਨਾਲ ਟਰੰਪ ਨਾਲ ਗਈ ਸੀ ਪਰੰਤੂ ਅਚਾਨਕ ਉਨ੍ਹਾਂ ਵਿਚਾਲੇ ਗੱਲ ਵਿਗੜ ਗਈ ਤੇ ਸਾਬਕਾ ਰਾਸ਼ਟਰਪਤੀ ਨੇ ਉਸ ਨਾਲ ਧੱਕਾ ਕੀਤਾ।

Leave a comment