#AMERICA

ਸਾਬਕਾ ਪੁਲਿਸ ਅਫਸਰ ਚੌਵਿਨ ‘ਤੇ ਜੇਲ੍ਹ ਵਿਚ ਹਮਲਾ ਕਰਨ ਵਾਲੇ ਕੈਦੀ ‘ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਦ

– ਜਾਰਜ ਫਲਾਇਡ ਹੱਤਿਆ ਮਾਮਲੇ ‘ਚ ਕੱਟ ਰਿਹੈ ਕੈਦ
– ਹਮਲਾਵਰ ਨੇ ਕਿਹਾ: ਜੇਕਰ ਸਮੇਂ ਸਿਰ ਪੁਲਿਸ ਕਾਰਵਾਈ ਨਾ ਕਰਦੀ, ਤਾਂ ਉਹ ਚੌਵਿਨ ਨੂੰ ਮਾਰ ਦਿੰਦਾ
ਸੈਕਰਾਮੈਂਟੋ, 4 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਚਰਚਿਤ ਜਾਰਜ ਫਲਾਇਡ ਹੱਤਿਆ ਮਾਮਲੇ ‘ਚ 20 ਸਾਲ ਤੋਂ ਵਧ ਸਜ਼ਾ ਕੱਟ ਰਹੇ ਮਿਨੇਆਪੋਲਿਸ ਦੇ ਸਾਬਕਾ ਪੁਲਿਸ ਅਫਸਰ ਡੈਰਕ ਚੌਵਿਨ ‘ਤੇ ਜੇਲ੍ਹ ਵਿਚ ਹਮਲਾ ਕਰਨ ਵਾਲੇ ਉਸ ਦੇ ਸਾਥੀ ਕੈਦੀ ਜੌਹਨ ਟੁਰਸੈਕ ਉਪਰ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਆਇਦ ਕੀਤੇ ਗਏ ਹਨ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਜੌਹਨ ਟੁਰਸੈਕ ਨੇ ਚਾਕੂ ਨਾਲ ਚੌਵਿਨ ਉਪਰ 22 ਵਾਰ ਕੀਤੇ। ਉਹ ਪਿਛਲੇ ਤਕਰੀਬਨ ਇਕ ਮਹੀਨੇ ਤੋਂ ਚੌਵਿਨ ਉਪਰ ਹਮਲਾ ਕਰਨ ਬਾਰੇ ਸੋਚ ਰਿਹਾ ਸੀ। ਸੰਘੀ ਸ਼ਕਾਇਤ ਅਨੁਸਾਰ 24 ਨਵੰਬਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 12.30 ਵਜੇ ਚੌਵਿਨ ਉਪਰ 52 ਸਾਲਾ ਟੁਰਸੈਕ ਵੱਲੋਂ ਉਸ ਵੇਲੇ ਹਮਲਾ ਕੀਤਾ ਗਿਆ, ਜਦੋਂ ਉਹ ਟਕਸਨ (ਐਰੀਜ਼ੋਨਾ) ਜੇਲ੍ਹ ਦੀ ਲਾਅ ਲਾਇਬਰੇਰੀ ਵਿਚ ਸੀ। ਇਸ ਹਮਲੇ ਵਿਚ ਚੌਵਿਨ ਗੰਭੀਰ ਜ਼ਖਮੀ ਹੋ ਗਿਆ ਸੀ। ਸ਼ਿਕਾਇਤ ਅਨੁਸਾਰ ਸੰਘੀ ਜੇਲ ਦੇ ਪੁਲਿਸ ਅਫਸਰਾਂ ਨੇ ਤੁਰੰਤ ਕਾਰਵਾਈ ਕਰਕੇ ਚੌਵਿਨ ਨੂੰ ਬਚਾਇਆ। ਬਾਅਦ ਵਿਚ ਟੁਰਸੈਕ ਨੇ ਜੇਲ ਅਫਸਰਾਂ ਨੂੰ ਦੱਸਿਆ ਕਿ ਉਹ ਚੌਵਿਨ ਨੂੰ ਮਾਰ ਦੇਣਾ ਚਾਹੁੰਦਾ ਸੀ। ਟੁਰਸੈਕ ਵਿਰੁੱਧ ਹੱਤਿਆ ਦੇ ਇਰਾਦੇ ਨਾਲ ਹਮਲਾ ਕਰਨ, ਹਮਲੇ ਵਿਚ ਖਤਰਨਾਕ ਤਿੱਖਾ ਹਥਿਆਰ ਵਰਤਣ ਤੇ ਚੌਵਿਨ ਨੂੰ ਗੰਭੀਰ ਜ਼ਖਮੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਐਰੀਜ਼ੋਨਾ ਦੇ ਡਿਸਟ੍ਰਿਕਟ ਯੂ.ਐੱਸ. ਅਟਾਰਨੀ ਦਫਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਹੱਤਿਆ ਦੀ ਕੋਸ਼ਿਸ਼ ਤੇ ਮਾਰਨ ਦੇ ਇਰਾਦੇ ਨਾਲ ਹਮਲਾ ਕਰਨਾ, ਹਰੇਕ ਦੋਸ਼ ਤਹਿਤ ਵਧ ਤੋਂ ਵਧ 20 ਸਾਲ ਸਜ਼ਾ ਦੀ ਵਿਵਸਥਾ ਹੈ। ਖਤਰਨਾਕ ਹਥਿਆਰ ਨਾਲ ਹਮਲਾ ਕਰਨ ਤੇ ਹਮਲੇ ਵਿਚ ਗੰਭੀਰ ਜ਼ਖਮੀ ਕਰਨ ਦੇ ਹਰੇਕ ਦੋਸ਼ ਤਹਿਤ ਵਧ ਤੋਂ ਵਧ 10 ਸਾਲ ਸਜ਼ਾ ਦੀ ਵਿਵਸਥਾ ਹੈ। ਇਥੇ ਜ਼ਿਕਰਯੋਗ ਹੈ ਕਿ ਕਾਲੇ ਵਿਅਕਤੀ ਜਾਰਜ ਫਲਾਇਡ ਦੀ 2020 ਵਿਚ ਪੁਲਿਸ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਰਾਜ ਦੁਆਰਾ ਦਾਇਰ ਦੋਸ਼ਾਂ ਤਹਿਤ ਚੌਵਿਨ ਨੂੰ ਅਪ੍ਰੈਲ 2021 ਵਿਚ ਦੋਸ਼ੀ ਕਰਾਰ ਦੇ ਕੇ ਸਾਢੇ 22 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਬਾਅਦ ਵਿਚ ਫਲਾਇਡ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਸੰਘੀ ਦੋਸ਼ਾਂ ਤਹਿਤ ਉਸ ਨੂੰ 21 ਸਾਲ ਵੱਖਰੀ ਸਜ਼ਾ ਸੁਣਾਈ ਗਈ ਸੀ। ਇਹ ਦੋਨੋਂ ਸਜ਼ਾਵਾਂ ਨਾਲੋਂ-ਨਾਲ ਚੱਲਣਗੀਆਂ। ਚੌਵਿਨ ਵੱਲੋਂ ਫਲਾਇਡ ਦੀ ਧੌਣ ਉਪਰ 9 ਮਿੰਟ ਤੱਕ ਗੋਡਾ ਰੱਖ ਕੇ ਨੱਪੀ ਰਖਿਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਬਾਅਦ ਵਿਚ ਅਮਰੀਕਾ ਭਰ ਵਿਚ ਕਾਲੇ ਭਾਈਚਾਰੇ ਤੇ ਹੋਰ ਨਿਆਂ ਪਸੰਦ ਅਮਰੀਕੀ ਲੋਕਾਂ ਵੱਲੋਂ ਨਿਆਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤੇ ਗਏ ਸਨ।