#PUNJAB

ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਜੇਲ੍ਹ ’ਚ ਖਹਿਰਾ ਨਾਲ ਮੁਲਾਕਾਤ

ਨਾਭਾ, 5 ਅਕਤੂਬਰ (ਪੰਜਾਬ ਮੇਲ)- ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੁੱਧਵਾਰ ਇਥੇ ਨਾਭਾ ਜੇਲ੍ਹ ਵਿਚ ਵਿਧਾਇਕ ਸੁਖਪਾਲ ਖਹਿਰਾ ਨਾਲ ਮੁਲਾਕਾਤ ਕੀਤੀ। ਸੁਖਪਾਲ ਖਹਿਰਾ 2015 ਦੇ ਨਸ਼ਿਆਂ ਸਬੰਧੀ ਇਕ ਕੇਸ ਤਹਿਤ ਨਿਆਇਕ ਹਿਰਾਸਤ ਵਿਚ ਹਨ।
ਸੁਖਜਿੰਦਰ ਸਿੰਘ ਰੰਧਾਵਾ ਨੇ ਨਾਭਾ ਜੇਲ੍ਹ ਵਿਚ ਸੁਖਪਾਲ ਸਿੰਘ ਖਹਿਰਾ ਨਾਲ ਲਗਭਗ ਇਕ ਘੰਟਾ ਮੁਲਾਕਾਤ ਕੀਤੀ। ਮੁੁਲਾਕਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਹ ਦਿਨ ਯਾਦ ਕਰੇ ਜਦੋਂ ਉਸ ਨੇ ਇਸੇ ਕੇਸ ਦੇ ਸਬੰਧ ’ਚ ਸੁਖਪਾਲ ਖਹਿਰਾ ਦੇ ਹੱਕ ’ਚ ਵਿਧਾਨ ਸਭਾ ਵਿਚ ਰੌਲਾ ਪਾਇਆ ਸੀ ਤੇ ਦੋ ਵਾਰੀ ਸੈਸ਼ਨ ਤੱਕ ਮੁਲਤਵੀ ਕਰਨਾ ਪਿਆ ਸੀ। ਉਨ੍ਹਾਂ ਆਖਿਆ ਕਿ ਅੱਜ ਉਹੀ ‘ਆਪ’, ਜਿਸ ਨੇ ਇਹ ਕੇਸ ਚੱਲਣ ਦੇ ਬਾਵਜੂਦ ਇਸ ਨੂੰ ਝੂਠਾ ਕਰਾਰ ਦੇ ਕੇ ਖਹਿਰਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਇਆ, ਇੰਨੇ ਸਾਲਾਂ ਮਗਰੋਂ ਕਹਿ ਰਹੀ ਹੈ ਕਿ ਖਹਿਰਾ ਮੁਲਜ਼ਮ ਹਨ। ਰੰਧਾਵਾ ਨੇ ਆਖਿਆ, ‘‘ਇਹ ਸਭ ਇਸ ਲਈ ਹੈ ਕਿਉਂਕਿ ਖਹਿਰਾ ਵਿਰੋਧੀ ਧਿਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਸਨ? ਇਸ ਬਦਲਾਖੋਰੀ ਦੀ ਰਾਜਨੀਤੀ ਨਾਲ ਮੁੱਖ ਮੰਤਰੀ ਆਪਣਾ ਕੱਦ ਘਟਾ ਰਹੇ ਹਨ।’’ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਸਰਕਾਰ ਇਕ ਹੋਰ ਕੇਸ ਵਿਚ ਬੰਦ ਕਿਸੇ ਕੈਦੀ ਤੋਂ ਝੂਠਾ ਬਿਆਨ ਲੈ ਕੇ ਕਾਂਗਰਸੀ ਵਿਧਾਇਕ ਖਹਿਰਾ ’ਤੇ ਇਕ ਹੋਰ ਝੂਠਾ ਕੇਸ ਕਰਨ ਦੀ ਤਿਆਰੀ ’ਚ ਹੈ। ਇਸ ਦੌਰਾਨ ਰੰਧਾਵਾ ਤੋਂ ਇਕ ਘੰਟਾ ਪਹਿਲਾਂ ਵਿਧਾਇਕ ਖਹਿਰਾ ਦੇ ਪੁੱਤਰ ਮਹਿਤਾਬ ਖਹਿਰਾ ਵੀ ਉਨ੍ਹਾਂ ਨੂੰ ਜੇਲ੍ਹ ਵਿਚ ਮਿਲ ਕੇ ਗਏ ਸਨ ਪਰ ਉਨ੍ਹਾਂ ਨੇ ਮੀਡੀਆ ਨਾਲ ਕੋਈ ਗੱਲਬਾਤ ਸਾਂਝੀ ਨਾ ਕੀਤੀ।

ਪੰਜਾਬ ਵਿਚ ‘ਆਪ’ ਨਾਲ ਗੱਠਜੋੜ ਦੀ ਸੰਭਾਵਨਾ ਤੋਂ ਇਨਕਾਰ
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਅਤੇ ‘ਆਪ’ ਵਿਚਾਲੇ ਗੱਠਜੋੜ ਨਹੀਂ ਹੋ ਸਕਦਾ। ਸੂਬੇ ’ਚ ਕਾਂਗਰਸ ਮੁੱਖ ਵਿਰੋਧੀ ਧਿਰ ਹੈ ਤੇ ਜੇਕਰ ਵਿਰੋਧੀ ਧਿਰ ਹੀ ਸਰਕਾਰ ਨਾਲ ਗੱਠਜੋੜ ਕਰ ਲਵੇਗੀ ਤਾਂ ਇਹ ਅਨੈਤਿਕ ਹੋਵੇਗਾ। ਲੋਕਤੰਤਰ ਵਿਚ ਸਰਕਾਰ ਦੀਆਂ ਗ਼ਲਤੀਆਂ ਦੀ ਆਲੋਚਨਾ ਨਾ ਕਰਕੇ, ਆਪਣਾ ਫਰਜ਼ ਨਾ ਨਿਭਾ ਕੇ ਕਾਂਗਰਸ ਲੋਕਾਂ ਨੂੰ ਮੂੰਹ ਕਿਵੇਂ ਦਿਖਾਵੇਗੀ? ਸਾਬਕਾ ਮੰਤਰੀ ਨੇ ਸਰਕਾਰ ਨੂੰ ਨਸ਼ਿਆਂ ਅਤੇ ਕਰਜ਼ਾ ਲੈਣ ਦੇ ਮੁੱਦੇ ’ਤੇ ਘੇਰਦੇ ਹੋਏ ਮੀਡੀਆ ਦੀ ਆਜ਼ਾਦੀ ਬਾਰੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮੀਡੀਆ ਦੇ ਬਹੁਤੇ ਹਿੱਸੇ ਵੱਲੋਂ ਸਰਕਾਰੀ ਪ੍ਰੈੱਸ ਨੋਟ ਬਿਨਾਂ ਸਵਾਲ ਕੀਤੇ ਪ੍ਰਕਾਸ਼ਿਤ ਕਰਨਾ ਕਾਫੀ ਚਿੰਤਾਜਨਕ ਰੁਝਾਨ ਹੈ।

Leave a comment