#PUNJAB

ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਗ੍ਰਿਫ਼ਤਾਰ

-ਜ਼ੀਰਾ ਅਦਾਲਤ ਨੇ 14 ਦਿਨ ਲਈ ਨਿਆਂਇਕ ਹਿਰਾਸਤ ‘ਚ ਭੇਜਿਆ
ਫ਼ਿਰੋਜ਼ਪੁਰ/ਜ਼ੀਰਾ, 18 ਅਕਤੂਬਰ (ਪੰਜਾਬ ਮੇਲ)- ਬੀ.ਡੀ.ਪੀ.ਓ. ਦਫ਼ਤਰ ਵਿਚ ਧਰਨਾ ਦੇ ਕੇ ਸਰਕਾਰੀ ਕੰਮ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਦਰਜ ਮਾਮਲੇ ਵਿਚ ਜ਼ੀਰਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਜ਼ੀਰਾ ਪੁਲਿਸ ਨੇ ਉਨ੍ਹਾਂ ਦੇ ਘਰ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ। ਜ਼ੀਰਾ ਦੇ ਡੀ.ਐੱਸ.ਪੀ. ਗੁਰਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਉਨ੍ਹਾਂ ਨੂੰ ਹਿਰਾਸਤ ‘ਚ ਲਿਆ। ਗ੍ਰਿਫ਼ਤਾਰੀ ਦੀ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਉਨ੍ਹਾਂ ਨੂੰ ਜ਼ੀਰਾ ਅਦਾਲਤ ਨੇ 14 ਦਿਨ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ। ਪੁਲਿਸ ਨੇ ਜ਼ੀਰਾ ਦਾ ਫ਼ਿਰੋਜ਼ਪੁਰ ਵਿਚ ਮੈਡੀਕਲ ਕਰਵਾਇਆ ਤੇ ਮਗਰੋਂ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਲੈ ਗਈ। ਕਾਂਗਰਸੀਆਂ ਦੇ ਵਿਰੋਧ ਤੋਂ ਡਰਦਿਆਂ ਕੁਲਬੀਰ ਜ਼ੀਰਾ ਨੂੰ ਫ਼ਿਰੋਜ਼ਪੁਰ ਜੇਲ੍ਹ ਤੋਂ ਰੋਪੜ ਜੇਲ੍ਹ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੌਰਾਨ ਜ਼ੀਰਾ ਨੇ ਕਿਹਾ ਕਿ ਰਿਹਾਅ ਹੋਣ ਮਗਰੋਂ ਉਹ ਹਾਈ ਕੋਰਟ ਜਾਣਗੇ ਤੇ ਵਿਧਾਇਕ ਨਰੇਸ਼ ਕਟਾਰੀਆ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣਗੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੁਲਬੀਰ ਜ਼ੀਰਾ ਨੇ ਆਪਣੇ ਹਲਕੇ ਦੇ ਬੀ.ਡੀ.ਪੀ.ਓ. ਦਫ਼ਤਰ ਵਿਚ ਸਰਪੰਚਾਂ ਨੂੰ ਨਾਲ ਲੈ ਕੇ ਲਗਾਤਾਰ ਦੋ ਦਿਨ ਤੱਕ ਧਰਨਾ ਦਿੱਤਾ ਸੀ। ਜ਼ੀਰਾ ਇਸ ਦਫ਼ਤਰ ਵਿਚ ਕੁਝ ਗੈਰ-ਕਾਨੂੰਨੀ ਕੰਮ ਕੀਤੇ ਜਾਣ ਦਾ ਦੋਸ਼ ਲਾ ਰਹੇ ਸਨ। ਇਸ ਧਰਨੇ ਨੂੰ ਲੈ ਕੇ ਜ਼ੀਰਾ ਪੁਲਿਸ ਨੇ ਕੁਲਬੀਰ ਜ਼ੀਰਾ ਅਤੇ ਉਨ੍ਹਾਂ ਦੇ 70-80 ਸਾਥੀਆਂ ਖ਼ਿਲਾਫ਼ ਸਰਕਾਰੀ ਡਿਊਟੀ ‘ਚ ਵਿਘਨ ਪਾਉਣ ਦਾ ਕੇਸ ਦਰਜ ਕੀਤਾ ਸੀ ਪਰ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਸੀ। ਕੁਲਬੀਰ ਜ਼ੀਰਾ ਨੇ ਐਲਾਨ ਕੀਤਾ ਸੀ ਕਿ ਉਹ ਮੰਗਲਵਾਰ ਨੂੰ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਫ਼ਿਰੋਜ਼ਪੁਰ ਵਿਚ ਪ੍ਰੈੱਸ ਕਾਨਫ਼ਰੰਸ ਕਰਕੇ ਪੁਲਿਸ ਅਤੇ ਪ੍ਰਸ਼ਾਸਨ ਸਣੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਕੱਚੇ ਚਿੱਠੇ ਖੋਲ੍ਹਣਗੇ ਤੇ ਇਸ ਤੋਂ ਬਾਅਦ ਐੱਸ.ਐੱਸ.ਪੀ. ਦਫ਼ਤਰ ਆ ਕੇ ਆਪਣੀ ਗ੍ਰਿਫ਼ਤਾਰੀ ਦੇਣਗੇ।
ਕੁਲਬੀਰ ਜ਼ੀਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਭਵਨ ਵਿਚ ਉਚੇਚੇ ਤੌਰ ‘ਤੇ ਪਹੁੰਚੇ ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਅਤੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਇਸ ਨੂੰ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੱਤਾ ਹੈ। ਡਿੰਪਾ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਦੀ ਬਜਾਏ ਸਾਰੀਆਂ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਐੱਸ.ਵਾਈ.ਐੱਲ. ਤੇ ਹੋਰ ਜ਼ਰੂਰੀ ਮੁੱਦਿਆਂ ‘ਤੇ ਲੜਾਈ ਲੜਨੀ ਚਾਹੀਦੀ ਹੈ। ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵੀ ਕੁਲਬੀਰ ਜ਼ੀਰਾ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਨਿਖੇਧੀ ਕੀਤੀ।

Leave a comment